
ਨਮ ਅੱਖਾਂ ਨਾਲ ਪਰਿਵਾਰ ਨੇ ਕੀਤਾ ਅੰਤਿਮ ਸਸਕਾਰ
ਰੁੜਕੀ : ਪਿੰਡ ਰੁੜਕੀ ਦੇ ਇਕ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ਼ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿਡ ਰੁੜਕੀ ਦੀ ਬੀਤੇ ਦਿਨੀ ਆਸਟ੍ਰੇਲੀਆ ਦੇ ਮੈਲਬਰਨ ਨੇੜੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਅੱਜ ਜਦੋਂ ਉਸ ਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਸੀ। ਮ੍ਰਿਤਕ ਮਨਜੀਤ ਆਪਣੇ ਪਿਛੇ ਵਿਧਵਾ ਪਤਨੀ, ਮਾਂ-ਬਾਪ ਤੇ ਇਕ ਭਰਾ ਛੱਡ ਗਿਆ ਹੈ।
ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਮਨੀ ਦਾ ਵਿਆਹ ਜਨਵਰੀ 2020 ਦੇ ਵਿਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ, ਵਿਆਹ ਤੋਂ ਲਗਭਗ ਇਕ ਮਹੀਨਾ ਬਾਦ ਹੀ ਮਨਜੀਤ ਸਿੰਘ ਆਸਟ੍ਰੇਲੀਆ ਚਲਾ ਗਿਆ ਸੀ। ਉਸਤੋਂ ਬਾਦ ਕੋਰੋਨਾ ਬਿਮਾਰੀ ਕਾਰਨ ਪੂਰੀ ਦੁਨੀਆਂ ਵਿਚ ਲਾਕਡਾਉਨ ਲੱਗ ਜਾਣ ਕਾਰਨ ਉਹ ਹੁਣ ਤੱਕ ਭਾਰਤ ਵਿਚ ਵਾਪਸ ਨਹੀ ਆ ਸਕਿਆ ਸੀ।
ਇਸ ਮੌਕੇ ਨਰਿੰਦਰ ਸਿੰਘ ਜੋ ਕਿ ਆਸਟ੍ਰੇਲੀਆ ਤੋਂ ਹੀ ਆਪਣੇ ਭਰਾ ਮਨਜੀਤ ਸਿੰਘ ਦੀ ਲਾਸ਼ ਲੇ ਕੇ ਪਿੰਡ ਰੁੜਕੀ ਪਹੁੰਚਿਆ ਸੀ, ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਮਨਜੀਤ ਸਿੰਘ ਆਸਟ੍ਰੇਲੀਆ ਵਿਚ ਰਹਿੰਦੇ ਹਨ। ਉਥੇ ਮਨਜੀਤ ਸਿੰਘ ਟਰਾਲਾ ਵੀ ਚਲਾਉਦਾ ਸੀ, ਬੀਤੇ ਦਿਨੀ ਜਦੋਂ ਮਨਜੀਤ ਸਿੰਘ ਟਰਾਲਾ ਲੈ ਕੇ ਜਾ ਰਿਹਾ ਸੀ ਤਾਂ ਮੈਲਬਰਨ ਵਿਖੇ ਉਸਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਟਰਾਲਾ ਪਲਟਨ ਦੇ ਕਾਰਨਾ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ।ਅੱਜ ਪਿੰਡ ਰੁੜਕੀ ਵਿਖੇ ਮਨਜੀਤ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।