
ਰਾਜਵੀਰ ਬਹੁਤ ਹੀ ਸਿਆਣਾ ਅਤੇ ਸੁਲਝਿਆ ਹੋਇਆ ਬੱਚਾ ਸੀ: ਅਧਿਆਪਕ
ਜਗਰਾਉਂ: ਗਾਇਕ ਰਾਜਵੀਰ ਜਵੰਦਾ ਨੂੰ ਪਰਿਵਾਰ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਰਾਜਵੀਰ ਜਵੰਦਾ ਨੇ ਡੀ.ਏ.ਵੀ. ਕਾਲਜ ਜਗਰਾਉਂ ਤੋਂ ਗਰੈਜੁਏਸ਼ਨ ਦੀ ਪੜਾਈ ਕੀਤੀ। ਰੋਜ਼ਾਨਾ ਸਪੋਕਸਮੈਨ ਦੀ ਟੀਮ ਲਾਜਪਤ ਰਾਏ ਡੀ.ਏ.ਵੀ. ਕਾਲਜ ਜਗਰਾਉਂ ਪਹੁੰਚੀ ਅਤੇ ਉੱਥੇ ਕਾਲਜ ਦੇ ਪ੍ਰੋਫੈਸਰਾਂ ਨਾਲ ਖਾਸ ਗੱਲਬਾਤ ਕੀਤੀ। ਰਾਜਵੀਰ ਨੇ ਇਸ ਕਾਲਜ ਵਿੱਚ ਪੜ ਕੇ ਬੁਲੰਦੀਆਂ ਹਾਸਲ ਕੀਤੀਆਂ ਅਤੇ ਪੂਰੀ ਦੁਨੀਆਂ ਵਿੱਚ ਨਾਮ ਚਮਕਾਇਆ। ਰਾਜਵੀਰ ਨੂੰ ਪੰਜਾਬੀ ਪੜਾਉਣ ਵਾਲੇ ਪ੍ਰੋਫੈਸਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਰਾਜਵੀਰ ਦੀ ਪਰਸਨੈਲਟੀ ਦੇਖ ਕੇ ਕਿਹਾ ਕਿ ਤੂੰ ਯੂਥ ਫੈਸਟੀਵਲ ਵਿੱਚ ਭਾਗ ਲੈ। ਅਸੀਂ ਰਾਜਵੀਰ ਨੂੰ ਕਿਹਾ ਕਿ ਤੂੰ ਕਿਸ ਵਿਚ ਭਾਗ ਲੈ ਸਕਦਾ ਹੈਂ। ਰਾਜਵੀਰ ਨੇ ਕਿਹਾ ਕਿ ਮੈਨੂੰ ਗਾਉਣ ਦਾ ਸ਼ੌਕ ਹੈ। ਰਾਜਵੀਰ ਨੇ ਗਾਉਣ ਦੇ ਸ਼ੌਕ ਦੀ ਪੂਰਤੀ ਇਸੇ ਕਾਲਜ ਵਿੱਚੋਂ ਕੀਤੀ। ਉਨ੍ਹਾਂ ਕਿਹਾ ਕਿ ਰਾਜਵੀਰ ਬਹੁਤ ਹੀ ਸਿਆਣਾ ਅਤੇ ਸੁਲਝਿਆ ਹੋਇਆ ਬੱਚਾ ਸੀ। ਉਹ ਬਹੁਤ ਹੀ ਆਗਿਆਕਾਰੀ ਸੀ।
ਉਨ੍ਹਾਂ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਯਾਦਾਂ ਉਸ ਨਾਲ ਜੁੜੀਆਂ ਹੋਈਆਂ ਹਨ। ਉਹ ਕਾਲਜ ਵਿੱਚ ਸਟੇਜ ’ਤੇ ਤੁੰਬੀ ਨਾਲ ਰਿਆਜ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਪ੍ਰਿੰਸੀਪਲ ਡਾ. ਸਤੀਸ਼ ਕੁਮਾਰ ਸ਼ਰਮਾ ਰਾਜਵੀਰ ਨੂੰ ਆਪਣੇ ਦਫ਼ਤਰ ’ਚ ਬੁਲਾ ਕੇ ਉਸ ਤੋਂ ਗਾਣਾ ਸੁਣਦੇ ਸਨ। ਉਨ੍ਹਾਂ ਕਿਹਾ ਕਿ ਰਾਜਵੀਰ ਨੇ ਯੂਥ ਫੈਸਟੀਵਲ ਵਿੱਚ ਬਹੁਤ ਸਾਰੇ ਇਨਾਮ ਜਿੱਤੇ ਸਨ। ਉਨ੍ਹਾਂ ਕਿਹਾ ਕਿ ਹਰ ਸਾਲ ਸਾਡਾ ਟੂਰ ਜਾਂਦਾ ਸੀ। ਰਾਜਵੀਰ ਟੂਰ ’ਤੇ ਸਾਡੇ ਨਾਲ ਹੀ ਗਿਆ ਸੀ। ਉਸ ਨੇ ਰਸਤੇ ਵਿੱਚ ਆਉਣ ਤੇ ਜਾਣ ਵੇਲੇ ਗਾਣੇ ਸੁਣਾਏ। ਉਨ੍ਹਾਂ ਕਿਹਾ ਕਿ ਰਾਜਵੀਰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਉਹ ਵਿਦਿਆਰਥੀ ਜੋ ਸਾਨੂੰ ਸਾਰੀ ਉਮਰ ਯਾਦ ਰਹਿੰਦੇ ਹਨ, ਰਾਜਵੀਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸ ਦੌਰਾਨ ਪ੍ਰਿੰਸੀਪਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਅਤੇ ਰਾਜਵੀਰ ਦੇ ਪਰਿਵਾਰਕ ਮੈਂਬਰਾਂ ਲਈ ਬਹੁਤ ਹੀ ਦੁਖਦਾਈ ਘੜੀ ਹੈ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਇਸ ਉਚਾਈ ਤੱਕ ਪਹੁੰਚਣਾ ਅਤੇ ਉਸ ਤੋਂ ਬਾਅਦ ਇਕਦਮ ਇਹੋ ਜਿਹਾ ਹਾਦਸਾ ਹੋਣਾ, ਇਹ ਸਭ ਲਈ ਬਹੁਤ ਹੀ ਵੱਡੀ ਦੁਖਦਾਈ ਖਬਰ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਜਿਹੜੇ ਉਸ ਨਾਲ ਜੁੜੇ ਨੇ ਸਭ ਨੂੰ ਬਲ ਬਖਸ਼ੇ।
ਉਨ੍ਹਾਂ ਕਿਹਾ ਕਿ ਰਾਜਵੀਰ ਬਹੁਤ ਹੀ ਆਗਿਆਕਾਰੀ ਬੱਚਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਮੈਂ ਹੀ ਨਹੀਂ ਕਹਿ ਰਿਹਾ, ਇਹ ਕਾਲਜ ਦਾ ਹਰ ਅਧਿਆਪਕ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਭੰਗੜਾ, ਮਲਵਈ ਗਿੱਧਾ, ਝੂਮਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਨ੍ਹਾਂ ਕਿਹਾ ਕਿ ਰਾਜਵੀਰ ਪੜਾਈ ਵਿੱਚ ਵੀ ਚੰਗਾ ਸੀ। ਉਨ੍ਹਾਂ ਕਿਹਾ ਕਿ ਰਾਜਵੀਰ ਨੇ ਸਾਡੇ ਕਾਲਜ ਦਾ ਨਾਮ ਰੌਸ਼ਨ ਕੀਤਾ, ਅਸੀਂ ਹਮੇਸ਼ਾ ਉਸ ’ਤੇ ਮਾਣ ਮਹਿਸੂਸ ਕਰਦੇ ਰਹਾਂਗੇ ਅਤੇ ਹਮਸ਼ਾ ਉਹ ਸਾਡੇ ਦਿਲਾਂ ਵਿੱਚ ਜਗ੍ਹਾ ਬਣਾਈ ਰੱਖੇਗਾ।