
ਬਠਿੰਡਾ, ਮਮਦੋਟ ਤੇ ਗੜ੍ਹਸ਼ੰਕਰ ਤੋਂ ਸਾਹਮਣੇ ਆਏ ਮਾਮਲੇ
Three Die in Punjab Due to Drug Overdose Latest News in Punjabi ਪੰਜਾਬ ਵਿਚ ਨਸ਼ਿਆਂ ਦਾ ਜਾਲ ਵੱਧਦਾ ਜਾ ਰਿਹਾ ਹੈ, ਸੂਬੇ ਵਿਚ ਦਿਨ ਪ੍ਰਤੀ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਦੇ ਤਹਿਤ ਅੱਜ ਸੂਬੇ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਕਾਰਨ ਤਿੰਨ ਮੌਤਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਮਾਮਲੇ ਬਠਿੰਡਾ, ਮਮਦੋਟ ਤੇ ਗੜ੍ਹਸ਼ੰਕਰ ਤੋਂ ਸਾਹਮਣੇ ਆਏ ਹਨ।
ਬਠਿੰਡਾ - ਅੱਜ ਸੂਬੇ ਅੰਦਰ ਨਸ਼ੇ ਦੇ ਦੈਂਤ ਨੇ ਤਿੰਨ ਹੋਰ ਨੌਜਵਾਨਾਂ ਨੂੰ ਨਿਗਲ ਲਿਆ ਹੈ। ਬਠਿੰਡਾ 'ਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਮੌਕੇ 'ਤੇ ਪਛਾਣ ਨਹੀਂ ਹੋ ਸਕੀ। ਉਸ ਦੀ ਲਾਸ਼ ਸਥਾਨਕ ਆਈ.ਟੀ.ਆਈ. ਚੌਕ ਦੇ ਕੋਲ ਪਟਿਆਲਾ ਰੇਲਵੇ ਲਾਈਨ ਦੇ ਨਾਲ ਝਾੜੀਆਂ ਵਿਚੋਂ ਮਿਲੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਅਤੇ ਹੋਰ ਲੋਕ ਐਂਬੂਲੈਂਸ ਲੈ ਕੇ ਪਹੁੰਚੇ ਤਾਂ ਦੇਖਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਗੁਪਤ ਅੰਗਾਂ ’ਤੇ ਟੀਕਾ ਲੱਗਾ ਹੋਇਆ ਸੀ। ਮੌਕੇ ਤੋਂ ਇਕ ਸਰਿੰਜ ਵੀ ਬਰਾਮਦ ਹੋਈ ਹੈ। ਥਾਣਾ ਰੇਲਵੇ ਦੀ ਪੁਲਿਸ ਪਾਰਟੀ ਦੀ ਮੁੱਢਲੀ ਕਾਰਵਾਈ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਮਮਦੋਟ - ਫ਼ਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਮਮਦੋਟ ਵਿਚ ਥਾਣਾ ਲੱਖੋਕੇ ਬਹਿਰਾਮ ਨੇੜੇ ਬਾਬਾ ਜੀਵਨ ਸਿੰਘ ਨਗਰ ’ਚ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਵਸਨੀਕ ਹਰਦੇਵ ਸਿੰਘ (35) ਪੁੱਤਰ ਮੰਗਲ ਸਿੰਘ ਜੋ ਕਿ ਮਿਹਨਤ-ਮਜ਼ਦੂਰੀ ਕਰ ਕੇ ਅਪਣਾ ਘਰ ਚਲਾ ਰਿਹਾ ਸੀ ਤੇ ਕੁੱਝ ਸਮੇਂ ਤੋਂ ਨਸ਼ੇ ਕਾਰਨ ਨਸ਼ੇ ਦੀ ਦਲ-ਦਲ ’ਚ ਫਸ ਗਿਆ ਸੀ।
ਉਨ੍ਹਾਂ ਦਸਿਆ ਕਿ ਬੀਤੇ ਦਿਨ ਨਸ਼ੇ ਦੀ ਵੱਧ ਮਾਤਰਾ ਦਾ ਟੀਕਾ ਲਾਉਣ ਨਾਲ ਉਸ ਦੀ ਮੌਤ ਹੋ ਗਈ, ਜਿਸ ਦਾ ਪਤਾ ਪਰਵਾਰ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿਚੋਂ ਉਸ ਦੇ ਮ੍ਰਿਤਕ ਪਾਏ ਜਾਣ ’ਤੇ ਲੱਗਿਆ। ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਗੜ੍ਹਸ਼ੰਕਰ - ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨੇੜਲੇ ਪਿੰਡ ਦੇਣੋਵਾਲ ਖੁਰਦ ਵਿਚੋਂ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ਵਿਚ ਧਾਰਮਕ ਸਥਾਨ ਤੋਂ ਮਿਲੀ ਹੈ। ਲੋਕਾਂ ਨੇ ਦੱਸਿਆ ਕਿ ਲਾਸ਼ ਦੇ ਕੋਲ ਹੀ ਸਰਿੰਜ ਵੀ ਪਈ ਹੋਈ ਸੀ, ਜਿਸ ਕਾਰਨ ਮਾਮਲਾ ਨਸ਼ੇ ਦੇ ਓਵਰਡੋਜ਼ ਦਾ ਲੱਗ ਰਿਹਾ ਹੈ। ਸੂਚਨਾ ਮਿਲਣ 'ਤੇ ਗੜ੍ਹਸ਼ੰਕਰ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ਵਿਚ ਰੱਖਵਾ ਦਿਤਾ ਗਿਆ। ਇਸ ਮੌਕੇ ਐਸ.ਐਚ. ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ, ਮੌਤ ਦੇ ਕਾਰਨਾਂ ਦੀ ਜਾਂਚ ਲਈ ਪੋਸਟਮਾਰਟਮ ਕਰਵਾਇਆ ਜਾਵੇਗਾ।
(For more news apart from Three Die in Punjab Due to Drug Overdose Latest News in Punjabi stay tuned to Rozana Spokesman.)