
New Baby Born News in punjabi : ਬੱਚੇ ਨੂੰ ਹਸਪਤਾਲ ਕਰਵਾਇਆ ਦਾਖਲ
New Baby Born News in punjabi : ਮਮਤਾ ਉਦੋਂ ਤਾਰ-ਤਾਰ ਹੋ ਗਈ, ਜਦੋ ਕਿਸੇ ਅਭਾਗੀ ਮਾਂ ਨੇ ਅਪਣਾ ਇਕ ਦਿਨ ਦਾ ਜੰਮਿਆ ਬੱਚਾ ਝਾੜੀਆਂ ਵਿਚ ਸੁੱਟ ਦਿਤਾ। ਕਿਸੇ ਨੇ ਰੋਣ ਦੀ ਅਵਾਜ਼ ਸੁਣ ਕੇ ਬੱਚੇ ਨੂੰ ਅਪਣੇ ਕਲਾਵੇਂ ਵਿਚ ਲੈ ਕੇ ਪੁਲਿਸ ਦੀ ਮਦਦ ਨਾਲ ਬਨੂੜ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿਥੇ ਬੱਚੇ ਦੇ ਟੈਸਟ ਸਹੀ ਸਲਾਮਤ ਪਾਏ ਗਏ। ਇਹ ਘਟਨਾ ਬਨੂੜ-ਜ਼ੀਰਕਪੁਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਬਸੀ ਈਸੇ ਖ਼ਾਂ ਨੇੜੇ ਦੀ ਹੈ। ਜਿਥੇ ਸੜਕ ਤੇ ਜਾਂਦੇ ਕਿਸੇ ਰਾਹੀ ਨੇ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਜਦੋਂ ਉਹ ਨੇੜੇ ਪੁੱਜਾ ਨਵਜਾਤ ਰੋ ਰਿਹਾ ਸੀ ਤੇ ਮਮਤਾ ਨੂੰ ਪੁਕਾਰ ਰਿਹਾ ਸੀ।
ਉਸ ਨੇ ਅਪਣੇ ਕਲਾਵੇਂ ਵਿਚ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਬੱਚੇ ਨੂੰ ਸਿਵਲ ਹਸਪਤਾਲ ਵਿਖੇ ਲੈ ਗਈ। ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦਸਿਆ ਕਿ ਡਾਕਟਰਾਂ ਨੇ ਬੱਚੇ ਨੂੰ ਤੁਰਤ ਜੰਮਣ ਤੋਂ ਬਾਅਦ ਮਿਲਦੀਆਂ ਮੁਢਲੀ ਸੇਵਾਵਾਂ ਦਿਤੀਆਂ ਅਤੇ ਉਸ ਦੇ ਟੈਸਟ ਕੀਤੇ ਗਏ। ਹਸਪਤਾਲ ਦੀ ਐਸਐਮਓ ਡਾ. ਰਵਨੀਤ ਕੌਰ ਨੇ ਦਸਿਆ ਕਿ ਬੱਚਾ ਦਾ (ਲਿੰਗ ਪੁਰਸ਼) ਹੈ, ਜੋ ਇਕ ਦਿਨ ਦਾ ਜੰਮਿਆ ਲਗਦਾ ਹੈ। ਉਨ੍ਹਾਂ ਦਸਿਆ ਕਿ ਬੱਚਾ ਤੰਦਰੁਸਤ ਤੇ ਸਿਹਤਯਾਬ ਹੈ।
ਉਨ੍ਹਾਂ ਦਸਿਆ ਕਿ ਬੱਚੇ ਬਾਰੇ ਸਮਾਜਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਨੂੰ ਜਾਣੂ ਕਰਾ ਦਿਤਾ ਹੈ ਤੇ ਤੰਦਰੁਸਤ ਹੋਣ ਤੇ ਉਨ੍ਹਾਂ ਦੇ ਸਪੁਰਦ ਕਰ ਦਿਤਾ ਹੈ। ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਕੌਰ ਨੇ ਸੰਪਰਕ ਕਰਨ ’ਤੇ ਦਸਿਆ ਕਿ ਮੋਹਾਲੀ ਵਿਖੇ ਛੋਟੇ ਬੱਚਿਆਂ ਦਾ ਕੇਅਰ ਸੈਂਟਰ ਨਹੀਂ ਜਿਸ ਕਾਰਨ ਨਵਜੰਮੇ ਬੱਚੇ ਨੂੰ ਲੁਧਿਆਣਾ ਦੇ ਕੇਅਰ ਸੈਂਟਰ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਦੋ ਮਹੀਨੇ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਫੋਟੋ ਕੈਪਸ਼ਨ:-ਝਾੜੀਆਂ ਵਿਚੋਂ ਮਿਲੇ ਨਵਜੰਮੇ ਬੱਚੇ ਨੂੰ ਡਾਕਟਰ ਅਧਿਕਾਰੀਆਂ ਦੇ ਸਪੁਰਦ ਕਰਦੇ ਹੋਏ।