ਕਿਸਾਨਾਂ ਲਈ ਕਰੋਪ ਇਨਸ਼ੋਰੈਂਸ ਸਕੀਮ ਲਾਗੂ ਕਰਨ ਦੀ ਮੰਗ
ਅੰਮ੍ਰਿਤਸਰ: ਅੰਮ੍ਰਿਤਸਰ ਰਾਜਸਭਾ ਮੈਂਬਰ ਅਤੇ ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਖੇਤਰਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ 15 ਸਤੰਬਰ ਦੇ ਆਸਪਾਸ ਅਜਨਾਲਾ ਵਿੱਚ ਪੰਜ ਏਕੜ ਦਾ ਵੱਡਾ ਵੇਅਰਹਾਊਸ ਤਿਆਰ ਕੀਤਾ ਗਿਆ, ਜਿੱਥੇ ਹਜ਼ਾਰਾਂ ਰਾਹਤ ਕਿੱਟਾਂ, ਕੰਬਲ, ਬੈੱਡ, ਘਰੇਲੂ ਸਮਾਨ, ਸਕੂਲ ਬੈਗ ਤੇ ਹੋਰ ਜ਼ਰੂਰੀ ਚੀਜ਼ਾਂ ਸਟੋਰ ਕਰਕੇ ਪ੍ਰਭਾਵਿਤ ਪਿੰਡਾਂ ਵਿੱਚ ਵੰਡੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਨੰਗਲ ਸੋਹਲ, ਧਰਮਕੋਟ ਪੱਤਨ, ਚੱਕ ਪੌਲ ਅਤੇ ਜੱਟਾਂ ਵਰਗੇ ਪਿੰਡਾਂ ਵਿੱਚ ਸੈਂਕੜਿਆਂ ਏਕੜ ਜ਼ਮੀਨ ਸਾਫ ਕਰਕੇ ਪਾਣੀ ਦੀ ਨਿਕਾਸੀ ਲਈ ਚਾਰ ਕਿਲੋਮੀਟਰ ਲੰਬੀ ਪਾਈਪਲਾਈਨ ਲਗਾਈ ਗਈ। ਇਸ ਨਾਲ ਲਗਭਗ 200 ਏਕੜ ਵਿੱਚ ਖੜ੍ਹਾ ਪਾਣੀ ਖਾਲੀ ਹੋਇਆ। ਮਸੂਦ ਪਿੰਡ ਵਿੱਚ ਬੱਚਿਆਂ ਦੀ ਸਕੂਲ ਜਾਣ ਦੀ ਸਮੱਸਿਆ ਹੱਲ ਕਰਨ ਲਈ ਇੱਕ ਬੱਸ ਵੀ ਮੁਹੱਈਆ ਕਰਾਈ ਗਈ। ਸਾਹਨੀ ਨੇ ਕਿਹਾ ਕਿ ਹੜ੍ਹ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ ਅਜੇ ਵੀ 50 ਪ੍ਰਤੀਸ਼ਤ ਤੱਕ ਜ਼ਮੀਨ ਬਿਜਾਈ ਲਈ ਯੋਗ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ 15 ਤੋਂ 30 ਨਵੰਬਰ ਤੱਕ ਵੀ ਕਣਕ ਦੀ ਖੇਤੀ ਪੂਰੀ ਤਰ੍ਹਾਂ ਨਹੀਂ ਹੋ ਸਕੇਗੀ। ਇਸ ਸਬੰਧੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਲਈ ਕਰੋਪ ਇਨਸ਼ੋਰੈਂਸ ਸਕੀਮ ਲਾਜ਼ਮੀ ਕੀਤੀ ਜਾਵੇ ਤਾਂ ਜੋ ਅਗਲੇ ਸਮੇਂ ਕਿਸੇ ਵੀ ਕੁਦਰਤੀ ਆਫ਼ਤ ਵਿੱਚ ਕਿਸਾਨਾਂ ਨੂੰ ਆਰਥਿਕ ਸੁਰੱਖਿਆ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸਿਰਫ਼ ਸਿਆਸਤ ਕਰਨ ਦਾ ਨਹੀਂ, ਸਗੋਂ ਗਰੀਬ ਕਿਸਾਨਾਂ ਦੀ ਬਾਂਹ ਫੜਨ ਦਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਵੀ ਇਸ ਮਾਮਲੇ ਵਿੱਚ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ, ਸਾਹਨੀ ਨੇ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਇਕਤਾ ਅਤੇ ਸਾਂਝ ਦੇ ਪ੍ਰਤੀਕ ਵਜੋਂ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ, ਐਸਜੀਪੀਸੀ, ਦਿੱਲੀ ਗੁਰਦੁਆਰਾ ਕਮੇਟੀ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਮੇਤ ਸਾਰੀਆਂ ਧਾਰਮਿਕ ਤੇ ਸਰਕਾਰੀ ਸੰਸਥਾਵਾਂ ਨੂੰ ਮਿਲਜੁਲ ਕੇ ਸਮਾਗਮ ਕਰਨੇ ਚਾਹੀਦੇ ਹਨ।
ਸਾਹਨੀ ਨੇ ਕਿਹਾ ਕਿ ਜਿੱਥੇ ਲਾਈਟ ਐਂਡ ਸਾਊਂਡ ਸ਼ੋ, ਟੈਂਟ ਸਿਟੀ ਅਤੇ ਨਗਰ ਕੀਰਤਨ ਵਰਗੇ ਸਮਾਗਮ ਭਵਿਆ ਤਰੀਕੇ ਨਾਲ ਮਨਾਏ ਜਾ ਰਹੇ ਹਨ, ਉੱਥੇ ਇਹ ਵੀ ਜ਼ਰੂਰੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਕੋਈ ਇੰਟਰਫੇਥ ਯੂਨੀਵਰਸਿਟੀ ਜਾਂ ਮੈਡੀਕਲ ਇੰਸਟੀਚਿਊਟ ਸਥਾਪਿਤ ਕੀਤਾ ਜਾਵੇ, ਜੋ ਗਰੀਬ ਪੰਜਾਬੀ ਬੱਚਿਆਂ ਦੀ ਉੱਚ ਸਿੱਖਿਆ ਤੇ ਰੁਜ਼ਗਾਰ ਲਈ ਸਹਾਇਕ ਹੋਵੇ। ਉਨ੍ਹਾਂ ਨੇ ਕਿਹਾ, “ਜਦੋਂ ਅਸੀਂ ਸ਼ਤਾਬਦੀਆਂ ’ਤੇ ਕਰੋੜਾਂ ਰੁਪਏ ਖਰਚ ਰਹੇ ਹਾਂ, ਤਾਂ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਇੱਕ ਸਥਾਈ ਇੰਸਟੀਚਿਊਸ਼ਨ ਬਣਾਉਣਾ ਸਾਡੇ ਸਭ ਦਾ ਫਰਜ਼ ਹੈ।” ਅੰਤ ਵਿੱਚ ਉਨ੍ਹਾਂ ਨੇ ਆਸ ਜਤਾਈ ਕਿ 23 ਤੋਂ 26 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਵਿੱਚ ਸਾਰੇ ਪੱਖ ਇਕੱਠੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਯਾਦ ਕਰਨਗੇ ਅਤੇ ਇਕਤਾ ਦਾ ਸੰਦੇਸ਼ ਦੇਣਗੇ।
