ਟਾਟਾ ਮੈਜਿਕ ਦੇ ਰੱਸੇ ਟੁੱਟਣ ਕਾਰਨ ਡਿੱਗੀਆਂ ਪਾਈਪਾਂ, ਡਰਾਈਵਰ ਫ਼ਰਾਰ ਤੇ ਭਾਲ ਜਾਰੀ
Tragic Accident in Jalandhar, 2 Students Die Latest News in Punjabi ਫਿਲੌਰ : ਫਿਲੌਰ ਦੇ ਨੰਗਲ ਪਿੰਡ ਡੀ.ਏ.ਵੀ. ਸਕੂਲ ਦੇ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਇਕ ਸੜਕ ਹਾਦਸੇ ਵਿਚ ਮੌਤ ਨਾਲ ਇਲਾਕੇ ਸੋਗ ਦੀ ਲਹਿਰ ਦੌੜ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਪਿੰਡ ਮੌ ਸਾਹਿਬ ਵਿਚੋਂ ਲੰਘ ਰਹੇ ਟਾਟਾ ਮੈਜਿਕ (ਇਕ ਮਿੰਨੀ-ਟਰੱਕ) ਜਿਸ ਵਿਚ ਲੋਹੇ ਦੀਆਂ ਪਾਈਪਾਂ ਲੱਦੀਆਂ ਹੋਈਆਂ ਸਨ, ਦੇ ਰੱਸੇ ਢਿੱਲੇ ਹੋ ਗਏ। ਜਿਸ ਤੋਂ ਬਾਅਦ ਰੱਸੀਆਂ ਟੁੱਟ ਗਈਆਂ ਤੇ ਮਿੰਨੀ ਟਰੱਕ ’ਤੇ ਲੱਦੀਆਂ ਪਾਈਪਾਂ ਡੀ.ਏ.ਵੀ. ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ 'ਤੇ ਡਿੱਗ ਪਈਆਂ, ਜੋ ਗੱਡੀ ਦੇ ਪਿੱਛੇ ਸਕੂਟਰ ਸਵਾਰ ਸਨ। ਇਸ ਹਾਦਸੇ ਵਿਚ ਇਕ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਖ਼ਬਰ ਮਿਲਦੇ ਹੀ ਨੰਗਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਮਿੰਨੀ-ਟਰੱਕ ਦੇ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡਰਾਈਵਰ ਫ਼ਰਾਰ ਹੈ ਅਤੇ ਭਾਲ ਜਾਰੀ ਹੈ।
ਦੱਸ ਦਈਏ ਕਿ ਪਿੰਡ ਨੰਗਲ ਦੇ ਰਹਿਣ ਵਾਲੇ ਸੌਰਵ ਅਤੇ ਯੁਵਮ ਡੀਏਵੀ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦੇ ਸਨ। ਉਹ ਕੁੜਤਾ-ਪਜਾਮਾ ਸਿਲਾਈ ਕਰਵਾਉਣ ਲਈ ਅਪਣੇ ਸਕੂਟਰ 'ਤੇ ਪਿੰਡ ਬਿਲਗਾ ਗਏ ਸਨ। ਥਾਣਾ ਇੰਚਾਰਜ ਪਲਵਿੰਦਰ ਸਿੰਘ ਦੇ ਅਨੁਸਾਰ, ਦੋਵੇਂ ਬੱਚੇ ਬਿਲਗਾ ਤੋਂ ਅਪਣੇ ਪਿੰਡ ਵਾਪਸ ਆ ਰਹੇ ਸਨ। ਰਸਤੇ ਵਿਚ, ਪਿੰਡ ਮਾਊ ਸਾਹਿਬ ਵਿਚ ਇਕ ਮਿੰਨੀ-ਟਰੱਕ (PB-08-EF-6529) ਉਨ੍ਹਾਂ ਦੇ ਅੱਗੇ ਜਾ ਰਿਹਾ ਸੀ, ਉਸ ਦੀ ਰੱਸੀ ਟੁੱਟ ਗਈ।
ਇਸ ਕਾਰਨ ਛੋਟੇ ਹਾਥੀ 'ਤੇ ਲੱਗੇ ਲੋਹੇ ਦੇ ਪਾਈਪ ਵਿਦਿਆਰਥੀਆਂ ਦੇ ਸਕੂਟਰ ਦੇ ਹੈਂਡਲ 'ਤੇ ਡਿੱਗ ਗਏ, ਜਿਸ ਕਾਰਨ ਉਹ ਅਪਣਾ ਸੰਤੁਲਨ ਗੁਆ ਬੈਠੇ ਅਤੇ ਸਕੂਟਰ ਤੋਂ ਡਿੱਗ ਪਏ। ਉਨ੍ਹਾਂ ਦੇ ਸਿਰ ਸੜਕ 'ਤੇ ਟਕਰਾ ਗਏ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਬਿਲਗਾ ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਦਯਾਨੰਦ ਹਸਪਤਾਲ, ਲੁਧਿਆਣਾ ਰੈਫ਼ਰ ਕਰ ਦਿਤਾ ਗਿਆ।
ਡਾਕਟਰਾਂ ਨੇ ਦਸਿਆ ਕਿ ਯੁਵਮ ਦੀ ਮੌਤ ਸਿਰ ਵਿਚੋਂ ਜ਼ਿਆਦਾ ਖ਼ੂਨ ਵਹਿਣ ਕਾਰਨ ਹੋਈ, ਜਦਕਿ ਸੌਰਵ ਅਗਲੇ ਦਿਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਯੋਗੇਸ਼ ਗੰਭੀਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਯੁਵਮ ਵਿਗਿਆਨ ਦਾ ਵਿਦਿਆਰਥੀ ਸੀ ਅਤੇ ਸੌਰਵ ਕਾਮਰਸ ਦਾ ਵਿਦਿਆਰਥੀ। ਦੋਵੇਂ ਵਿਦਿਆਰਥੀ ਬਹੁਤ ਹੁਸ਼ਿਆਰ ਸਨ।
(For more news apart from Tragic Accident in Jalandhar, 2 Students Die Latest News in Punjabi stay tuned to Rozana Spokesman.)
