
ਕਿਹਾ, ਕਿਸਾਨਾਂ ਦੀਆਂ ਮੰਗਾਂ ਮੰਨਦਿਆਂ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਸਰਕਾਰ
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਧਰਨਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿਚ ਨਿਤਰਨ ਵਾਲਿਆਂ ਦਾ ਘੇਰਾ ਦਿਨੋਂ ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਕੇਂਦਰ ਦੇ ਅੜੀਅਲ ਵਤੀਰੇ ਨੂੰ ਲੈ ਕੇ ਵੱਡੀ ਗਿਣਤੀ ਆਗੂ ਭਾਜਪਾ ਲੀਡਰਸ਼ਿਪ ਨੂੰ ਖਰੀਆਂ ਖਰੀਆਂ ਸੁਣਾ ਰਹੇ ਹਨ। ਕਿਸੇ ਵੇਲੇ ਭਾਜਪਾ ਦੇ ਭਾਈਵਾਲ ਰਹਿ ਚੁਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਅਪਨਾਏ ਰਵੱਈਏ ਦੇ ਨਿੰਦਾ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
Bikramjeet singh
ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਕੜਾਕੇ ਦੀ ਠੰਢ ਵਿਚ ਆਪਣੇ ਪਰਿਵਾਰਾਂ ਸਮੇਤ ਧਰਨਿਆਂ ਤੇ ਬੈਠਾ ਹੈ ਜਦਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੀ ਹੈ।
Kisan Unions
ਉਨ੍ਹਾਂ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਸੁਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹ ਐਕਟ ਕਿਸਾਨਾਂ ਦੀ ਭਲਾਈ ਲਈ ਹਨ ਪਰ ਜਦੋਂ ਕਿਸਾਨ ਹੀ ਨਹੀਂ ਚਾਹੁੰਦਾ ਕਿ ਇਹ ਕਾਨੂੰਨ ਹੋਣ ਤਾਂ ਫਿਰ ਬਿਨਾਂ ਤਰਕ, ਗਲਤ ਤੇ ਗੈਰ-ਲੋਕ ਤਰੀਕੇ ਇਹ ਕਾਨੂੰਨ ਕਿਸਾਨਾਂ ਸਿਰ ਕਿਉਂ ਮੜ੍ਹੇ ਜਾਣ।
Farmers Protest
ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਸਮੇਤ ਦੁਨੀਆਂ ਭਰ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਾਡੇ ਬਹਾਦਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਹਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਪਰ ਸਾਡੀ ਆਪਣੀ ਚੁਣੀ ਹੋਈ ਸਰਕਾਰ ਸਾਡੀਆਂ ਪੀੜਾ ਤੇ ਤਕਲੀਫਾਂ ਪ੍ਰਤੀ ਬੇਦਰਦ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਪ੍ਰਤੀ ਬੇਰੁਖੀ ਅਤੇ ਅਮੀਰ ਕਾਰਪੋਰੇਟ ਘਰਾਣਿਆਂ ਲਈ ਪਿਆਰ ਤੇ ਤਰਜੀਹ ਨੇ ਬਸਤੀਵਾਦੀ ਸ਼ਾਸਨ ਚੇਤੇ ਕਰਵਾ ਦਿੱਤਾ ਹੈ।