
ਚੰਡੀਗੜ੍ਹ ਭਾਜਪਾ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਕਿਸਾਨ ਸਮਰਥਕਾਂ 'ਤੇ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਅਤੇ ਲਾਠੀਚਾਰਜ ਕੀਤਾ
ਕਈ ਜ਼ਖ਼ਮੀ ਮੁਜ਼ਾਹਰਾਕਾਰੀ ਹਸਪਤਾਲ ਵਿਚ ਦਾਖ਼ਲ ਅਤੇ ਕਈ ਗ੍ਰਿਫ਼ਤਾਰ
to
ਚੰਡੀਗੜ੍ਹ, 8 ਦਸੰਬਰ (ਤਰੁਣ ਭਜਨੀ): ਕਿਸਾਨਾਂ ਦੀ ਹਮਾਇਤ ਵਿਚ ਮੰਗਲਵਾਰ ਸੈਕਟਰ-33 ਸਥਿਤ ਭਾਜਪਾ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਲੋਕਾਂ ਤੇ ਪੁਲਿਸ ਨੇ ਜਲ ਤੋਪਾਂ ਨਾਲ ਤੇਜ਼ ਵਾਛੜਾਂ ਮਾਰੀਆਂ ਅਤੇ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ ਜਿਸ ਵਿਚ ਮੁਜ਼ਾਹਰਾ ਕਰ ਰਹੇ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਬੈਰੀਕੇਡਜ਼ ਤੋੜ ਕੇ ਵਾਟਰ ਕੈਨਨ ਉਤੇ ਚੜ੍ਹ ਗਏ ਅਤੇ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਨੂੰ ਭਜਾਉਣ ਲਈ ਲਾਠੀਚਾਰਜ ਵੀ ਕੀਤਾ ਗਿਆ। ਮੁਜ਼ਾਹਰੇ ਵਿਚ ਸ਼ਾਮਲ ਕਈ ਔਰਤਾਂ ਸਮੇਤ ਪੁਲਿਸ ਕਰਮਚਾਰੀਆਂ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਸੈਕਟਰ-34 ਥਾਣਾ ਪੁਲਿਸ ਨੇ ਕੁੱਝ ਲੋਕਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਭਾਰਤ ਬੰਦ ਦੀ ਹਮਾਇਤ ਵਿਚ ਲੋਕ ਸੈਕਟਰ-34 ਸਥਿਤ ਗੁਰਦਵਾਰਾ ਸਾਹਿਬ ਕੋਲ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਸਾਰੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਸਨ। ਇਸ ਦੌਰਾਨ ਦੁਪਹਿਰ ਕਰੀਬ
ਸਾਢੇ 12 ਵਜੇ ਕਿਸਾਨਾਂ ਦੇ ਸਮਰਥਨ ਵਿਚ ਉਤਰੇ ਲੋਕ ਭਾਜਪਾ ਦਫ਼ਤਰ ਵਲ ਜਾਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ
ਫ਼ਰਨੀਚਰ ਚੌਕ ਕੋਲ ਰੋਕ ਲਿਆ। ਉਥੇ ਹੀ ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਗੁੱਸੇ ਵਿਚ ਆ ਕੇ ਬੈਰੀਕੇਡਜ਼ ਤੋੜ ਦਿਤੇ। ਉਨ੍ਹਾਂ ਨੇ ਵਾਟਰ ਕੈਨਨ ਦੀ ਛੱਤ ਤੇ ਚੜ੍ਹ ਕੇ ਪਾਣੀ ਬੰਦ ਕਰ ਦਿਤਾ।
ਮੋਹਾਲੀ ਨਿਵਾਸੀ ਹਰਸਿਮਰਤ ਸਿੰਘ ਨੇ ਦਸਿਆ ਕਿ ਉਹ ਕਿਸਾਨ ਹੈ। ਉਹ ਸਾਰੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿ ਅਚਾਨਕ ਪੁਲਿਸ ਨੇ ਬੇਵਜਾਹ ਲਾਠੀਚਾਰਜ ਕਰ ਦਿਤਾ।
ਪਿੰਡ ਛੱਤ ਨਿਵਾਸੀ ਰਣਜੀਤ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਤਿੰਨ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਤੋਂ ਪਹਿਲਾਂ ਪ੍ਰਦਰਸ਼ਨ ਦੌਰਾਨ ਕਾਫ਼ੀ ਗਿਣਤੀ ਵਿਚ ਲੋਕਾਂ ਵਲੋਂ ਅਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਦੌਰਾਨ ਪੁਲਿਸ ਦੇ ਉਚ ਅਧਿਕਾਰੀ ਮੌਕੇ ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਕਈ ਵਾਰ ਨੌਜਵਾਨਾਂ ਨੂੰ ਉਸ ਸਥਾਨ ਉਤੇ ਮੋਦੀ ਦਾ ਪੁਤਲਾ ਨਾ ਸਾੜਨ ਦੀ ਅਪੀਲ ਕੀਤੀ।
ਪ੍ਰਦਰਸ਼ਨਕਾਰੀ ਵਲੋਂ ਦਿਤੇ ਗਏ ਭਾਸ਼ਣ ਦੇ ਬਾਅਦ ਪ੍ਰਧਾਨ ਮੰਤਰੀ ਦੇ ਪੁਤਲੇ ਨੂੰ ਚੌਕ ਤੇ ਜਾ ਕੇ ਸਾੜਨ ਲਈ ਪੁਲਿਸ ਨੂੰ ਕਿਹਾ ਗਿਆ। ਇਸ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ। ਜਦੋਂ ਮੈਬਰਾਂ ਵਲੋਂ ਪੁਲਿਸ ਦੀ ਗੱਲ ਨਾ ਮੰਨੀ ਗਈ ਅਤੇ ਉਹ ਪੁਲਿਸ ਨੂੰ ਬੈਰੀਕੇਡ ਹਟਾਉਣ ਲਈ ਕਹਿਣ ਲੱਗੇ। ਇਸ ਤੇ ਪੁਲਿਸ ਅਤੇ ਉਨ੍ਹਾਂ ਵਿਚਕਾਰ ਝੜਪ ਹੋ ਗਈ।
ਇਸ ਦੇ ਬਾਅਦ ਮੈਂਬਰਾਂ ਵਲੋਂ ਪੁਲਿਸ ਬੈਰੀਕੇਡਾਂ ਨੂੰ ਹਟਾਉਣ ਲਈ ਟਰੈਕਟਰ ਅਤੇ ਜਿਪਸੀ ਨਾਲ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਉਤੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਮਾਰਨੀਆਂ ਸ਼ੁਰੂ ਕਰ ਦਿਤੀ ਗਈ।