
ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਰਾਹੀਂ ਸਾਂਝਾ ਕੀਤੀ ਹੈ।
ਬੱਚੀਵਿੰਡ (ਅੰਮ੍ਰਿਤਸਰ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ 14 ਵੇਂ ਦਿਨ ਧਰਨਾ ਜਾਰੀ ਹੈ। ਇਸ ਦੌਰਾਨ ਬਹੁਤ ਸਾਰੇ ਖਿਡਾਰੀਆਂ ਨੇ ਆਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਬਹੁਤ ਸਾਰੇ ਖਿਡਾਰੀਆਂ ਤੇ ਕਈ ਮਸ਼ਹੂਰ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਪੁਰਸਕਾਰ ਵਾਪਸ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਹੁਣ ਇਸ ਆਰੰਭੇ ਸੰਘਰਸ਼ ਲਈ ਸਮਰਥਨ ਦੇਣ ਪ੍ਰਸਿੱਧ ਪੰਜਾਬੀ ਕਹਾਣੀਕਾਰ ਪ੍ਰੋ : ਸਿਮਰਨ ਧਾਰੀਵਾਲ ਵੀ ਅੱਗੇ ਆਏ ਹਨ।
ਉਨ੍ਹਾਂ ਨੇ ਆਪਣਾ ਰਾਸ਼ਟਰੀ ਸਾਹਿਤ ਅਕਾਡਮੀ ਯੁਵਾ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਰਾਹੀਂ ਸਾਂਝਾ ਕੀਤੀ ਹੈ।
ਉਨ੍ਹਾਂ ਨੇ ਕਿਹਾ "ਕਿਸਾਨ ਅੰਦੋਲਨ ਮਹਿਜ਼ ਕਿਸਾਨ ਜਾਂ ਕਿਸਾਨੀ ਦਾ ਮਸਲਾ ਨਹੀਂ।ਰੋਟੀ ਦਾ ਮਸਲਾ ਹੈ।ਰੋਟੀ ਮੇਰੀ ਤੁਹਾਡੀ ਸਾਡੀ ਸਭ ਦੀ ਜ਼ਰੂਰਤ ਹੈ। ਪਿਛਲੇ ਕਾਫੀ ਸਮੇਂ ਤੋਂ ਦੇਸ਼ ਦੇ ਹਾਲਾਤ ਦਮ ਘੋਟੂ ਬਣਦੇ ਜਾ ਰਹੇ ਸਨ।…ਤੇ ਇਸ ਦਮ ਘੋਟੂ ਫ਼ਿਜ਼ਾ ਦੇ ਵਿਰੁੱਧ ਛਿੜੀ ਇਸ ਜੰਗ ਵਿੱਚ ਮੈਂ ਬੇਸ਼ੱਕ ਕੁਝ ਹੋਰ ਯੋਗਦਾਨ ਨਾ ਪਾ ਸਕਿਆ ਹੋਵਾਂ, ਪਰ ਆਪਣੀ ਕਥਾ-ਪੁਸਤਕ ‘ਆਸ ਅਜੇ ਬਾਕੀ ਹੈ’ ਲਈ ਮਿਲੇ ‘ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ’ ਨੂੰ ਵਾਪਸ ਕਰਕੇ ਆਪਣਾ ਰੋਸ ਜ਼ਾਹਰ ਕਰਦਾ ਹਾਂ।
ਇਹ ਗੱਲ ਵੇਖੋ ਵੇਖੀ ਦੀ ਲੱਗੇ ਬੇਸ਼ੱਕ, ਪਰ ਪਰਗਟ ਸਤੌਜ ਦਾ ਚਾਰ ਦਿਨ ਦਿੱਲ਼ੀ ਬਹਿ ਕੇ ਕਿਸਾਨਾਂ ਲਈ ਲੰਗਰ ਵਿੱਚ ਰੋਟੀਆਂ ਵੇਲਣਾ ਮੈਨੂੰ ਚੰਗਾ ਲੱਗਿਆ।ਯਾਦਵਿੰਦਰ ਸੰਧੂ ਨੇ ਪੁਰਸਕਾਰ ਮੋੜ ਕੇ ਪਹਿਲ ਕੀਤੀ, ਇਹ ਮਾਣ ਵਾਲੀ ਗੱਲ ਹੈ। ਗੁਰਪ੍ਰੀਤ ਸਹਿਜੀ ਨੇ ਪੁਰਸਕਾਰ ਮੋੜਿਆ ਤਾਂ ਮੈਨੂੰ ਹੋਰ ਉਤਸ਼ਾਹ ਮਿਲਿਆ।ਵੱਡਿਆਂ ਵੱਲ ਤਾਂ ਨਿੱਕਿਆਂ ਨੇ ਚੱਲ ਵੇਖਣਾ ਹੀ ਹੋੋਇਆ।"ਉਂਝ ਨਹੀਂ ਤਾਂ ਇੰਝ ਸਹੀ, ਮੈਂ ਇਸ ਲੜਾਈ ਵਿੱਚ ਅੰਨਦਾਤੇ ਦੇ ਨਾਲ ਹਾਂ।"