
ਸੱਤਾਧਾਰੀਆਂ ਅੰਦਰ ਹੰਕਾਰ ਦਾ ਵਾਇਰਸ ਲੋਕਤੰਤਰ ਲਈ ਵੱਡਾ ਖ਼ਤਰਾ: ਜਾਖੜ
ਮੋਹਾਲੀ, ਚੰਡੀਗੜ, 8 ਦਸੰਬਰ (ਸੁਖਦੀਪ ਸੋਈ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੋਹਾਲੀ ਦੇ ਲਾਂਡਰਾ ਚੌਕ ਵਿਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਕਾਂਗਰਸ ਪਾਰਟੀ ਵਲੋਂ ਲਗਾਏ ਜ਼ਿਲ੍ਹਾ ਪਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਕੇਂਦਰ ਸਰਕਾਰ ਵਿਚਲੇ ਸੱਤਾਧਾਰੀਆਂ ਅੰਦਰ ਹੰਕਾਰ ਦਾ ਵਾਇਰਸ ਲੋਕਤੰਤਰ ਲਈ ਸੱਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਲੋਕਤੰਤਰ ਦਾ ਆਧਾਰ ਹੀ ਲੋਕਾਂ ਦੀ ਸਰਕਾਰ ਹੁੰਦੀ ਹੈ ਜੋ ਕਿ ਲੋਕਾਂ ਦੁਆਰਾ ਚੁਣੀ ਹੋਵੇ ਅਤੇ ਲੋਕਾਂ ਦੀਆਂ ਇੱਛਾਵਾਂ ਅਤੇ ਜ਼ਰੂਰਤਾਂ ਅਨੁਸਾਰ ਲੋਕਾਂ ਨੂੰ ਪ੍ਰਸ਼ਾਸਨ ਮੁਹਈਆ ਕਰਵਾਏ। ਪਰ ਇਸ ਸਮੇਂ ਦਿੱਲੀ ਵਿਚ ਭਾਜਪਾ ਦੀ ਜੋ ਸਰਕਾਰ ਸੱਤਾ ਵਿਚ ਹੈ ਉਸ ਨੂੰ ਚੁਣਿਆ ਤਾਂ ਬੇਸ਼ੱਕ ਲੋਕਾਂ ਨੇ ਹੈ ਪਰ ਇਹ ਲੋਕ ਹਿੱਤਾਂ ਨੂੰ ਵਿਸਾਰ ਕੇ ਪੂਰੀ ਤਰ੍ਹਾਂ ਕਾਰਪੋਰੇਟਾਂ ਦੇ ਹਿੱਤ ਸਾਧਣ ਵਿਚ ਲੱਗੀ ਹੋਈ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹੀ ਨੀਤੀ ਦੇਸ਼ ਦੇ ਲੋਕਤੰਤਰ ਲਈ ਖ਼ਤਰਾ ਬਣੀ ਹੋਈ ਹੈ ਜੋ ਕਿ ਲੋਕ ਅਵਾਜ਼ ਸੁਣਨ ਤੋਂ ਇਨਕਾਰੀ ਹੋਈ ਪਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਤਾਨਾਸ਼ਾਹੀ ਲਈ ਕੋਈ ਥਾਂ ਨਹੀਂ ਹੁੰਦੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ ਵਾਰ ਆਖ ਰਹੇ ਹਨ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਿਚੋਲੀਏ ਖ਼ਤਮ ਹੋ ਜਾਣਗੇ ਪਰ ਭਾਰਤ ਸਰਕਾਰ ਤਾਂ ਆਪ ਵੱਡੇ ਕਾਰਪੋਰੇਟ ਘਰਾਣਿਆਂ ਦੀ ਵਿਚੋਲਗੀ ਕਰ ਕੇ ਕਾਲੇ ਕਾਨੂੰਨ ਲਾਗੂ ਕਰਨ ਲਈ ਵਿਚੋਲੀਏ ਦੀ ਭੂਮਿਕਾ ਨਿਭਾ ਰਹੀ ਹੈ।