ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ
Published : Dec 9, 2022, 3:45 pm IST
Updated : Dec 9, 2022, 3:45 pm IST
SHARE ARTICLE
CM Attend fifth meeting of CII Northern Regional Council
CM Attend fifth meeting of CII Northern Regional Council

ਵਪਾਰ ਤੇ ਨਿਵੇਸ਼ ਲਈ ਸਹੂਲਤਾਂ ਦੇ ਕੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਵਚਨਬੱਧਤਾ ਦੁਹਰਾਈ

 

ਨਵੀਂ ਦਿੱਲੀ: ਪੰਜਾਬ ਵਿੱਚ ਕਾਰੋਬਾਰ ਲਈ ਸਹੂਲਤਾਂ ਦੇ ਕੇ ਅਤੇ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਸੂਬੇ ਨੂੰ ਵੱਡੇ ਉਦਯੋਗਿਕ ਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰ ਰਹੀ ਹੈ।

ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੀ ਉੱਤਰੀ ਖੇਤਰ ਕੌਂਸਲ ਦੀ ਪੰਜਵੀਂ ਮੀਟਿੰਗ ਦੌਰਾਨ ਡੈਲੀਗੇਟਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ਼ ਇਕ ਛਲਾਵਾ ਸੀ, ਜੋ ਕਿਸੇ ਸਾਰਥਕ ਉਦੇਸ਼ ਤੋਂ ਸੱਖਣੀ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਖੜ੍ਹੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ਕਾਂ ਨੂੰ ਇਸ ਵਿੰਡੋ `ਤੇ ਸਾਰੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਅਤੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਬਿਨਾਂ ਮਿਲ ਸਕਣ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਸੀ.ਆਈ.ਆਈ. ਵੱਲੋਂ ਉਦਯੋਗਾਂ ਦੀ ਮਦਦ ਕਰਨ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਨਿਵੇਸ਼ ਦੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ, ਸਾਰਿਆਂ ਲਈ ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ, ਮਿਆਰੀ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਦਾਨ ਕਰਨ, ਪ੍ਰਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਾਮਾਨ ਦੀ ਢੋਆ-ਢੁਆਈ ਵਿੱਚ ਸੌਖ ਪੱਖੋਂ ਦੇਸ਼ ਭਰ ਵਿੱਚ ਤੀਜੇ ਸਥਾਨ `ਤੇ ਹੈ ਕਿਉਂਕਿ ਸੂਬੇ ਕੋਲ ਪੰਜ ਇਨਲੈਂਡ ਕੰਟੇਨਰ ਡਿੱਪੂਆਂ (ਆਈ.ਸੀ.ਡੀ.) ਦੇ ਨਾਲ ਢੋਆ-ਢੁਆਈ ਦਾ ਮਜ਼ਬੂਤ ਆਧਾਰ ਹੈ।

ਸਨਅਤਕਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਾਰੇ ਉਦਯੋਗਾਂ ਲਈ ਬਿਜਲੀ ਦੀਆਂ ਸਭ ਤੋਂ ਘੱਟ ਦਰਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਭਾਰਤ ਸਰਕਾਰ ਦੀ ਬਿਜ਼ਨਸ ਰਿਫੌਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਵਿੱਚ ਕਾਰੋਬਾਰ ਕਰਨ ਦੀ ਸੌਖ ਪੱਖੋਂ ਤੇਜ਼ੀ ਨਾਲ ਸੁਧਾਰ ਕਰਨ ਵਾਲੇ ਸੂਬੇ ਵਜੋਂ ਪੰਜਾਬ ਦਾ ਨਾਂ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਡਿਜੀਟਾਈਜੇਸ਼ਨ, ਛੋਟੇ ਅਪਰਾਧਾਂ ਨੂੰ ਅਪਰਾਧ ਮੁਕਤ ਕਰਨ ਅਤੇ ਬੇਲੋੜੇ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿੱਚ ਇਸ ਸਮੇਂ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀਐਸਡੀਐਮ) ਕੋਲ 250 ਤੋਂ ਵੱਧ ਸੂਚੀਬੱਧ ਸਿਖਲਾਈ ਭਾਈਵਾਲ ਹਨ, ਜਿਸ ਨਾਲ ਸਿੱਖਿਅਤ ਮਨੁੱਖੀ ਸ਼ਕਤੀ ਦਾ ਇਕ ਵੱਡਾ ਪੂਲ ਬਣਾਉਣ ਲਈ ਸਿਖਲਾਈ ਸਹੂਲਤਾਂ ਦਾ ਸਭ ਦੀ ਪਹੁੰਚ ਵਾਲਾ ਨੈੱਟਵਰਕ ਕਾਇਮ ਕੀਤਾ ਗਿਆ ਹੈ।
 
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਪੰਜਾਬ, ਸਟਾਰਟ-ਅੱਪਸ ਲਈ ਨਿਵੇਸ਼ਕ ਪੱਖੀ ਮਾਹੌਲ ਸਿਰਜ ਕੇ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੂਬੇ ਵਿੱਚ ਉੱਦਮਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਅਗਲੇ ਕੁਝ ਮਹੀਨਿਆਂ ਵਿੱਚ ਆਪਣੀ ਨਵੀਂ ਉਦਯੋਗਿਕ ਵਿਕਾਸ ਨੀਤੀ ਲਿਆਏਗੀ, ਜੋ ਅਗਲੇ ਪੰਜ ਸਾਲਾਂ ਲਈ ਪੰਜਾਬ ਦੀ ਉਦਯੋਗਿਕ ਨੀਤੀ ਦੀ ਰੂਪ-ਰੇਖਾ ਤਿਆਰ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਾਰੇ ਹਿੱਸੇਦਾਰਾਂ ਤੋਂ ਕੀਮਤੀ ਸੁਝਾਅ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਨੂੰ ਨਵੀਂ ਉਦਯੋਗਿਕ ਨੀਤੀ 2022 ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ (ਈ.ਵੀ.) ਦੀ ਵਿਸ਼ਾਲ ਸੰਭਾਵਨਾ ਨੂੰ ਲੰਬੇ ਸਮੇਂ ਦਾ ਟਿਕਾਊ ਹੱਲ ਮੰਨਦਿਆਂ ਪੰਜਾਬ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਇਨ੍ਹਾਂ ਦੇ ਪੁਰਜ਼ਿਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਈਵੀ ਨੀਤੀ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ, ਵਪਾਰ ਲਈ ਅਨੁਕੂਲ ਮਾਹੌਲ ਬਣਾਉਣ ਅਤੇ ਪਾਲਣਾ ਨੂੰ ਹੋਰ ਸਰਲ ਬਣਾਉਣ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਸਾਰੇ ਉਦਯੋਗ ਪ੍ਰਤੀਨਿਧਾਂ ਨੂੰ ਅਗਲੇ ਸਾਲ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

ਵੱਖ-ਵੱਖ ਖੇਤਰਾਂ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਦਰਸਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਮੰਨਿਆ ਜਾਂਦਾ ਹੈ ਅਤੇ ਦੇਸ਼ ਵਿੱਚ ਚੌਲਾਂ ਅਤੇ ਕਣਕ ਦੇ ਕੁੱਲ ਉਤਪਾਦਨ ਵਿੱਚ ਪੰਜਾਬ ਤੀਜੇ ਨੰਬਰ `ਤੇ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਭਾਰਤ ਦੇ 10 ਕਪਾਹ ਉਤਪਾਦਕ ਰਾਜਾਂ ਵਿੱਚ ਸ਼ਾਮਲ ਹੈ, ਜੋ ਭਾਰਤ ਦੇ ਕੁੱਲ ਉਤਪਾਦਨ ਦਾ 3.68 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਲੈਂਡਿਡ ਯਾਰਨ ਦੇ ਉਤਪਾਦਨ ਵਿੱਚ ਪਹਿਲੇ ਨੰਬਰ `ਤੇ ਹੈ ਅਤੇ ਦੇਸ਼ ਵਿੱਚ ਚੌਥੇ ਨੰਬਰ `ਤੇ ਸਪਿਨਿੰਗ ਸਮਰੱਥਾ ਰੱਖਦਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਹੌਜ਼ਰੀ ਦੇ ਉਤਪਾਦਨ ਵਿੱਚ ਵੀ ਪਹਿਲੇ ਅਤੇ ਖੇਡਾਂ ਦੇ ਸਾਮਾਨ ਦੇ ਉਤਪਾਦਨ ਵਿੱਚ ਦੂਜੇ ਸਥਾਨ `ਤੇ ਹੈ।    

ਪੰਜਾਬ ਦਾ ਉਦਯੋਗ ਵਿਸ਼ਵ ਪੱਧਰ `ਤੇ ਮੁਕਾਬਲੇ ਦੇ ਯੋਗ ਹੋਣ `ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਾਈਕਲਾਂ ਦੇ ਨਿਰਯਾਤ ਵਿੱਚ ਸੂਬਾ ਪਹਿਲੇ ਨੰਬਰ `ਤੇ ਹੈ ਕਿਉਂਕਿ ਭਾਰਤ ਵਿੱਚ 75 ਫੀਸਦੀ ਤੋਂ ਵੱਧ ਸਾਈਕਲਾਂ ਅਤੇ 92 ਫੀਸਦੀ ਸਾਈਕਲ ਪੁਰਜ਼ੇ ਪੰਜਾਬ ਵਿੱਚ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਰਾਜ ਭਾਰਤ ਵਿੱਚ ਹੈਂਡ ਟੂਲਜ਼ ਅਤੇ ਮਸ਼ੀਨ ਟੂਲਜ਼ ਦੇ ਉਤਪਾਦਨ ਵਿੱਚ ਪਹਿਲੇ ਨੰਬਰ `ਤੇ ਹੈ ਅਤੇ ਭਾਰਤ ਤੋਂ ਹੈਂਡ ਟੂਲਜ਼ ਅਤੇ ਮਸ਼ੀਨ ਟੂਲਜ਼ ਦੀ ਬਰਾਮਦ ਵਿੱਚ ਪੰਜਾਬ ਦਾ 26 ਫੀਸਦੀ ਹਿੱਸਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਈ.ਟੀ. ਅਤੇ ਇਲੈਕਟ੍ਰੋਨਿਕਸ ਉਦਯੋਗ ਨੇ 770 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 67 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈਜ਼ ਹਮੇਸ਼ਾ ਹੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਅੱਜ ਸੂਬੇ ਵਿੱਚ 3.7 ਲੱਖ ਤੋਂ ਵੱਧ ਐਮ.ਐਸ.ਐਮ.ਈਜ਼ ਹਨ।

ਇਸ ਤੋਂ ਪਹਿਲਾਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪੰਜਾਬ ਭਵਨ ਦੇ ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ ਦਲੀਪ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement