
ਅਫ਼ਗਾਨਿਸਤਾਨ ਸਰਕਾਰ ਅਜਿਹੀਆਂ ਕਾਰਵਾਈਆਂ ਨੂੰ ਸਖ਼ਤੀ ਨਾਲ ਰੋਕੇ : ਮਾਨ
ਫ਼ਤਹਿਗੜ੍ਹ ਸਾਹਿਬ - ISIS ਦੀ ਦਹਿਸ਼ਤਗਰਦੀ ਵਾਲੇ ਸੰਗਠਨ ਨੇ ਜਦੋਂ ਇਰਾਕ ‘ਚ 2018 ਵਿਚ 39 ਸਿੱਖ ਅਤੇ 25 ਮਾਰਚ 2020 ਵਿਚ ਕਾਬਲ ਦੇ ਗੁਰੂਘਰ ਸ੍ਰੀ ਹਰਿਰਾਏ ਵਿਖੇ 25 ਸਿੱਖਾਂ ਦਾ ਕਤਲੇਆਮ ਕੀਤਾ ਸੀ । ਫਿਰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਖੇ ਇਕ ਨਿਰਦੋਸ਼ ਗੁਰਸਿੱਖ ਹਕੀਮ ਜਿਨ੍ਹਾਂ ਦਾ ਖਾਨਦਾਨ ਲੰਮੇਂ ਸਮੇਂ ਤੋਂ ਹਕੀਮੀ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਉਹ ਖ਼ੁਦ ਵੀ ਇਸੇ ਕਿੱਤੇ ਵਿਚ ਉਥੋਂ ਦੇ ਨਿਵਾਸੀਆਂ ਦੀ ਸੇਵਾ ਕਰਦੇ ਆ ਰਹੇ ਸਨ, ਉਹਨਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰ ਦਿੱਤਾ ਗਿਆ ਸੀ ।
ਇਸੇ ਤਰ੍ਹਾਂ ਦੁਬਾਰਾ ਕਾਬਲ ਦੇ ਗੁਰਦੁਆਰਾ ਕਰਤਾ-ਏ-ਪ੍ਰਵਾਨ ਵਿਖੇ ਸਟੇਟਲੈਸ ਸਿੱਖ ਕੌਮ 'ਤੇ ਹਮਲਾ ਕੀਤਾ ਗਿਆ ਸੀ । ਕੁਝ ਸਮਾਂ ਪਹਿਲੇ ਸ੍ਰੀਨਗਰ ਵਿਚ ਇਕ ਸਕੂਲ ਦੀ ਪ੍ਰਿੰਸੀਪਲ ਬੀਬੀ ਸੁਪ੍ਰੀਤ ਕੌਰ ਨੂੰ ਵੀ ਹਾਲਾਕ ਕਰ ਦਿੱਤਾ ਗਿਆ ਸੀ ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਸਭ ਹਮਲਿਆਂ ਵਿਚ ਸਿੱਖ ਕੌਮ ਨੂੰ ਉਚੇਚੇ ਤੌਰ 'ਤੇ ਨਿਸ਼ਾਨਾਂ ਬਣਾਇਆ ਗਿਆ ਅਤੇ ਇੰਡੀਆਂ ਦੇ ਹੁਕਮਰਾਨਾਂ ਨੇ ਉਪਰੋਕਤ ਸਭ ਹੋਏ ਹਮਲਿਆ ਦੀ ਨਾ ਤਾਂ ਅੱਜ ਤੱਕ ਨਿਰਪੱਖਤਾ ਨਾਲ ਜਾਂਚ ਕਰਵਾਈ ਹੈ ਅਤੇ ਨਾ ਹੀ ਕਾਤਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਸੰਜ਼ੀਦਗੀ ਭਰੀ ਜ਼ਿੰਮੇਵਾਰੀ ਨਿਭਾਈ ਹੈ।
ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਮੁਤੱਸਵੀ ਹੁਕਮਰਾਨ ਸਿੱਖ ਕੌਮ ਪ੍ਰਤੀ ਬਿਲਕੁਲ ਵੀ ਇਮਾਨਦਾਰ ਨਹੀਂ ਹਨ ਅਤੇ ਨਾ ਹੀ ਸਾਨੂੰ ਇਨਸਾਫ਼ ਦੇਣਾ ਚਾਹੁੰਦੇ ਹਨ। ਜਦੋਂਕਿ ਜਿਸ ਸਮੇਂ ਇਰਾਕ ਵਿਚ 39 ਸਿੱਖਾਂ ਨੂੰ ਆਈ.ਐਸ.ਆਈ.ਐਸ. ਦੇ ਸੰਗਠਨ ਨੇ ਬੰਦੀ ਬਣਾਇਆ ਹੋਇਆ ਸੀ, ਉਸ ਸਮੇਂ ਇਸ ਮੁਲਕ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਨੇ ਆਈ.ਐਸ.ਆਈ.ਐਸ. ਦੇ ਜਨਮਦਾਤਾ ਇਜਰਾਇਲ ਅਤੇ ਸਾਊਦੀ ਅਰਬੀਆ ਨਾਲ ਗੱਲਬਾਤ ਨਾ ਕਰਕੇ ਇਨ੍ਹਾਂ ਸਿੱਖਾਂ ਨੂੰ ਛੁਡਵਾਉਣ ਲਈ ਕੋਈ ਅਮਲੀ ਪਹੁੰਚ ਨਾ ਕੀਤੀ ।
ਦੂਸਰੇ ਪਾਸੇ ਕੇਰਲਾ ਦੀਆਂ 100 ਦੇ ਕਰੀਬ ਨਰਸਾਂ ਜਿਨ੍ਹਾਂ ਨੂੰ ਆਈ.ਐਸ.ਆਈ.ਐਸ. ਨੇ ਬੰਦੀ ਬਣਾਇਆ ਸੀ ਉਹ ਛੁਡਵਾ ਲਈਆਂ ਗਈਆਂ ਸਨ। ਇਸ ਦੋਹਰੇ ਮਾਪਦੰਡ ਦੀ ਗੱਲ ਵੀ ਕੌਮਾਂਤਰੀ ਪੱਧਰ 'ਤੇ ਉੱਭਰਕੇ ਸਾਹਮਣੇ ਆ ਚੁੱਕੀ ਹੈ। ਜੇਕਰ ਉਸ ਸਮੇਂ ਸਾਡਾ ਸਿੱਖ ਕੌਮ ਦਾ ਆਪਣਾ ਮੁਲਕ ਹੁੰਦਾ, ਤਾਂ ਸਾਡੀਆਂ ਵਿਸ਼ੇਸ਼ ਫੌਜਾਂ ਨੇ ਉਸੇ ਸਮੇਂ ਕਾਰਵਾਈ ਕਰਕੇ ਆਈ.ਐਸ.ਆਈ.ਐਸ. ਦੇ ਕਾਤਲਾਂ ਨੂੰ ਵੀ ਦਬੋਚ ਲੈਣਾ ਸੀ ਅਤੇ ਆਪਣੇ ਸਿੱਖਾਂ ਨੂੰ ਵੀ ਉਨ੍ਹਾਂ ਛੁਡਵਾ ਲੈਣਾ ਸੀ।
ਜੋ ਬੀਤੇ ਦਿਨੀਂ ਖੁਰਸਾਨ ਸੂਬੇ ਵਿਚ ਬੱਸ ਬੰਬ ਧਮਾਕਾ ਵਿਚ ਹੋਇਆ ਹੈ, ਇਹ ਵੀ ਮਨੁੱਖਤਾ ਵਿਰੋਧੀ ਨਿੰਦਣਯੋਗ ਕਾਰਵਾਈ ਹੈ। ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਅਫ਼ਗਾਨਿਸਤਾਨ ਸਰਕਾਰ ਹਰ ਪੱਧਰ 'ਤੇ ਵੱਡਾ ਅਮਲ ਕਰੇ ਤਾਂ ਕਿ ਤਾਲਿਬਾਨ ਵਿਰੋਧੀ ਆਈ.ਐਸ.ਆਈ.ਐਸ. ਗਰੁੱਪ ਇਸ ਤਰ੍ਹਾਂ ਅਫ਼ਗਾਨਿਸਤਾਨ ਵਿਚ ਆਮ ਲੋਕਾਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਦੇ ਅਮਲ ਨਾ ਕਰ ਸਕੇ। ਅਸੀਂ ਇਸ ਦੁਖਾਂਤ ਵਿਚ 6 ਜਾਨ ਗੁਆ ਚੁੱਕੇ ਪਰਿਵਾਰ ਦੇ ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ।
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਖੁਰਸਾਨ ਸੂਬੇ ਵਿਚ ਇਕ ਬੱਸ ਵਿਚ ਕੀਤੇ ਗਏ ਬੰਬ ਵਿਸਫੋਟ ਉਪਰੰਤ 6 ਨਿਰਦੋਸ਼ ਜਾਨਾਂ ਦੇ ਜਾਣ 'ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਫ਼ਗਾਨਿਸਤਾਨ ਹਕੂਮਤ ਨੂੰ ਇਸ ਗੰਭੀਰ ਵਿਸ਼ੇ ਉੱਤੇ ਸੰਜ਼ੀਦਗੀ ਨਾਲ ਫੌਰੀ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਇਰਾਕ ਦੇ ਮੁੱਖੀ ਸਦਾਮ ਹੁਸੈਨ ਨੂੰ ਅਮਰੀਕਾ ਨੇ ਹਮਲਾ ਕਰ ਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ, ਉਸ ਤੋਂ ਬਾਅਦ ਉਨ੍ਹਾਂ ਦੀਆਂ ਫ਼ੌਜਾਂ ਆਈ.ਐਸ.ਆਈ.ਐਸ.(ਕੇ) ਅਤੇ ਹੋਰ ਗਰੁੱਪਾਂ ਵਿਚ ਵੰਡੀਆ ਗਈਆਂ। ਜਦੋਂ ਸਿੱਖਾਂ 'ਤੇ ਹਮਲੇ ਹੋਏ ਤਾਂ ਪੀਐੱਮ ਮੋਦੀ ਨੇ ਐਲਾਨ ਕੀਤਾ ਸੀ ਕਿ ਇਸਦੀ ਜਾਂਚ ਐਨ.ਆਈ.ਏ. ਤੋਂ ਕਰਵਾਈ ਜਾਵੇਗੀ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਵਾਂਗੇ ।
ਨਾ ਤਾਂ ਇਰਾਕ ਵਿਚ ਹੋਏ ਕਤਲਾਂ ਅਤੇ ਨਾ ਹੀ ਕਾਬਲ, ਸ੍ਰੀਨਗਰ ਵਿਚ ਹੋਏ ਕਤਲੇਆਮ ਸੰਬੰਧੀ ਜਾਂਚ ਪੂਰੀ ਕੀਤੀ ਗਈ । ਜਦੋਂਕਿ ਇੰਡੀਆ ਮੁਲਕ ਦੇ ਹਮੇਸ਼ਾਂ ਅਫ਼ਗਾਨਿਸਾਤਨ ਮੁਲਕ ਨਾਲ ਚੰਗੇ ਸੰਬੰਧ ਰਹੇ ਹਨ। ਫਿਰ ਇਨ੍ਹਾਂ ਹਮਲਿਆਂ ਦੀਆਂ ਸਾਜ਼ਿਸਾਂ ਨੂੰ ਅੱਜ ਤੱਕ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ? ਵੱਖ-ਵੱਖ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਵੱਸਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਸਥਾਈ ਤੌਰ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੌਮ ਦਾ ਆਪਣਾ ਮੁਲਕ ਖ਼ਾਲਿਸਤਾਨ ਕਾਇਮ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਜਿਸ ਦੇ ਪੇਕੇ ਮਜ਼ਬੂਤ ਹੁੰਦੇ ਹਨ, ਉਹੀ ਧੀ ਆਪਣੇ ਸਹੁਰੇ ਵੱਸ ਸਕਦੀ ਹੈ।
ਸਿਮਰਨਜੀਤ ਮਾਨ ਨੇ ਅਫ਼ਗਾਨਿਸਾਤਨ ਅਤੇ ਹੋਰ ਦੂਸਰੇ ਇਸਲਾਮਿਕ ਮੁਲਕਾਂ ਵਿਚ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਸੰਸਾਰ ਦੇ ਜਮਹੂਰੀਅਤ ਪਸ਼ੰਦ ਸਭ ਮੁਲਕਾਂ ਨੂੰ ਇਸ ਵਿਸ਼ੇ 'ਤੇ ਕੋਈ ਸਾਂਝੀ ਸਮੂਹਿਕ ਮਨੁੱਖਤਾ ਪੱਖੀ ਨੀਤੀ ਬਣਾਉਣ ਦੀ ਜਿਥੇ ਅਪੀਲ ਕੀਤੀ, ਉਥੇ ਅਮਰੀਕਾ ਦੀ ਜੋ ਬਾਈਡਨ ਦੀ ਸਰਕਾਰ ਨੂੰ ਉਚੇਚੇ ਤੌਰ 'ਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੇ ਸੰਜੀਦਾ ਮੁੱਦੇ ਉਤੇ ਜੋਰਦਾਰ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਸੰਸਾਰ ਪੱਧਰ 'ਤੇ ਅਜਿਹੀਆ ਕਾਰਵਾਈਆਂ ਨੂੰ ਰੋਕਣ ਲਈ ਇਹ ਜ਼ਰੂਰੀ ਹੈ
ਕਿ ਅਮਰੀਕਾ ਆਪਣੀ ਫ਼ੌਜ ਵਿਚ ਅਤੇ ਵਿਸ਼ੇਸ਼ ਸੇਵਾਵਾਂ ਵਿਚ ਬਹਾਦਰ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਸਿੱਖਾਂ ਦੀ ਖੁੱਲ੍ਹਦਿਲੀ ਨਾਲ ਭਰਤੀ ਖੋਲ੍ਹ ਕੇ ਇਸ ਨੂੰ ਮਜ਼ਬੂਤ ਕਰਨ ਜਿਸ ਨਾਲ ਅਮਰੀਕਾ ਦੀ ਫ਼ੌਜ ਵਿਚ ਵੀ ਸਿੱਖ ਵੱਡੀ ਜ਼ਿੰਮੇਵਾਰੀ ਨਿਭਾਅ ਸਕਣਗੇ ਅਤੇ ਸੰਸਾਰ ਪੱਧਰ 'ਤੇ ਦਹਿਸ਼ਤਗਰਦੀ ਦੀਆਂ ਹੋ ਰਹੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਵੀ ਠੱਲ੍ਹਣ ਵਿਚ ਆਪਣੇ ਦਲੇਰੀ ਭਰੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਉਸ ਦਾ ਖਾਤਮਾ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਹਕੂਮਤ ਸਾਡੇ ਇਸ ਮਨੁੱਖਤਾ ਪੱਖੀ ਸੁਝਾਅ ਨੂੰ ਆਉਣ ਵਾਲੇ ਕੱਲ੍ਹ ਜਦੋਂ ਸਮੁੱਚਾ ਸੰਸਾਰ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਮਨਾ ਰਿਹਾ ਹੋਵੇਗਾ, ਇਸ ਗੰਭੀਰ ਵਿਸ਼ੇ 'ਤੇ ਅਮਲ ਕਰਨ ਲਈ ਜੇਕਰ ਉਤਸ਼ਾਹ ਦਿਖਾ ਸਕੇ ਤਾਂ ਇਹ ਸਮੁੱਚੇ ਸੰਸਾਰ ਵਿਚ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਵੱਡਾ ਸਹਾਈ ਹੋ ਸਕੇਗਾ।