‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਕੀਤੀ ਅਪੀਲ
ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਕੇਂਦਰ ਸਰਕਾਰ ਨੂੰ ‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਇਕ ਸਿੱਖ ਸ਼ਰਧਾਲੂ ਅਤੇ ਸੰਸਦ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਚੁਣੇ ਹੋਏ ਪ੍ਰਤੀਨਿਧੀ ਹੋਣ ਦੇ ਨਾਤੇ ਮੈਂ 4 ਦਸੰਬਰ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹਾਂ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਉਨ੍ਹਾਂ ਦੀ ਅਪੀਲ ਸਿੱਖ ਪੰਥ ਦੀ ਸਮੂਹਿਕ ਅੰਤਰਆਤਮਾ ਦੀ ਗਹਿਰਾਈ ਨਾਲ ਜੁੜੀ ਹੋਈ ਹੈ। ਜਿਸ ’ਚ ਕੇਂਦਰ ਸਰਕਾਰ ਤੋਂ ‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਨਾਮ ਬਦਲਣਾ ਸਿਰਫ਼ ਨਾਮ ਰੱਖਣ ਦੀ ਗੱਲ ਨਹੀਂ ਹੈ ਬਲਿਕ ਸਿੱਖ ਮਰਿਆਦਾ ਦੀ ਪਵਿੱਤਰਾ ਨੂੰ ਬਣਾਈ ਰੱਖਣ ਦੇ ਲਈ ਜ਼ਰੂਰੀ ਕਦਮ ਹੈ। ਤਾਂ ਜੋ ਇਹ ਪੱਕਾ ਹੋ ਸਕੇ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਉਸੇ ਸਨਮਾਨ ਦੇ ਨਾਲ ਮਨਾਇਆ ਜਾਵੇ ਜੋ ਉਨ੍ਹਾਂ ਨੂੰ ਮਿਲਦਾ ਹੈ। ਸਿਆਸੀ ਹਿਤਾਂ ਦੇ ਮੱਦੇਨਜ਼ਰ ਸ਼ਹਾਦਤ ਦੀ ਅਹਿਮੀਅਤ ਨੂੰ ਕਮਜ਼ੋਰ ਨਾ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2022 ’ਚ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਭਾਵੇਂ ਚੰਗੇ ਇਰਾਦੇ ਨਾਲ ਕੀਤਾ ਸੀ ਪਰ ਅਨਜਾਣੇ ’ਚ ਇਸ ਸ਼ਹਾਦਤ ਦੀ ਅਹਿਮੀਅਤ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ, ਜੋ ਜ਼ੁਲਮ ਦੇ ਖ਼ਿਲਾਫ਼ ਸਿੱਖਾਂਦੀ ਮਜ਼ਬੂਤੀ ਦੀ ਨੀਂਹ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਵੀ ‘ਵੀਰ ਬਾਲ ਦਿਵਸ’ ਦਾ ਨਾਂ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਵਕਾਲਤ ਕਰ ਚੁੱਕੀਆਂ ਹਨ।
ਜ਼ਿਕਰਯੋਗ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ।
