‘ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰ ਨੂੰ ਤਬਾਹ ਨਹੀਂ ਹੋਣ ਦਿੱਤਾ ਜਾਵੇਗਾ’
ਚੰਡੀਗੜ੍ਹ: ਮਾਣਯੋਗ ਹਾਈ ਕੋਰਟ ਵੱਲੋਂ 31 ਦਸੰਬਰ ਤੱਕ ਬੀਬੀਐਮਬੀ ਨਾਲ ਲੀਜ਼ ਕੇਸ ਹਾਰਨ ਵਾਲੇ ਲੀਜ਼ ਹੋਲਡਰਾਂ ਤੋਂ ਲੀਜ਼ ਵਾਲੀ ਜ਼ਮੀਨ ਖਾਲੀ ਕਰਵਾਉਣ ਦੇ ਹੁਕਮਾਂ ਤੋਂ ਬਾਅਦ, ਨੰਗਲ ਦੇ ਮੇਨ ਮਾਰਕੀਟ, ਅੱਡਾ ਮਾਰਕੀਟ, ਪਹਾੜੀ ਮਾਰਕੀਟ ਅਤੇ ਕਿਸਾਨ ਖੇਤਰ ਦੀਆਂ ਕੁਝ ਰਿਹਾਇਸ਼ੀ ਕਲੋਨੀਆਂ ਦੇ ਕਈ ਦੁਕਾਨਦਾਰਾਂ ਦੇ ਘਰਾਂ 'ਤੇ ਖ਼ਤਰੇ ਦੀ ਤਲਵਾਰ ਲਟਕ ਰਹੀ ਹੈ ਅਤੇ ਇਸ ਦੌਰਾਨ, ਲੀਜ਼ ਹੋਲਡਰਾਂ, ਜਿਨ੍ਹਾਂ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਥਾਨਕ ਵਿਧਾਇਕ ਐਡਵੋਕੇਟ ਹਰਜੋਤ ਸਿੰਘ ਨੂੰ ਮਿਲਣ ਪਹੁੰਚੇ ਅਤੇ ਸਿੱਖਿਆ ਮੰਤਰੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਬੀਬੀਐਮਬੀ ਨੂੰ ਉਨ੍ਹਾਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਥਿਤੀ ਕਿਸੇ ਗਲਤ ਪ੍ਰਬੰਧ ਕਾਰਨ ਪੈਦਾ ਹੋਈ ਹੈ ਅਤੇ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਤੋਂ ਵਾਪਸ ਆਉਣਗੇ, ਇਹ ਮੁੱਦਾ ਉਨ੍ਹਾਂ ਦੇ ਸਾਹਮਣੇ ਉਠਾਇਆ ਜਾਵੇਗਾ ਅਤੇ ਇਸ ਮਾਮਲੇ ਨੂੰ ਹਮੇਸ਼ਾ ਲਈ ਹੱਲ ਕਰ ਲਿਆ ਜਾਵੇਗਾ ਅਤੇ ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰ ਨੂੰ ਤਬਾਹ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀਐਮਬੀ ਮੈਨੇਜਮੈਂਟ ਉਸ ਜ਼ਮੀਨ 'ਤੇ ਆਪਣਾ ਹੱਕ ਕਿਵੇਂ ਦਾਅਵਾ ਕਰ ਸਕਦੀ ਹੈ ਜੋ ਪੰਜਾਬ ਸਰਕਾਰ ਦੇ ਨਾਮ 'ਤੇ ਹੈ।
