‘ਪੰਜ ਸੌ ਕਰੋੜ ਦੇ ਕੇ ਮੁੱਖ ਮੰਤਰੀ ਬਣਨ ਦੀ ਗੱਲ ਬਚਕਾਨਾ’
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਪੈਸਿਆਂ ਦੇ ਲੈਣ–ਦੇਣ ਅਤੇ ਉੱਚ ਅਹੁਦਿਆਂ ਲਈ ਸੌਦਿਆਂ ਸਬੰਧੀ ਆਰੋਪਾਂ ਨੂੰ ਸਿਰੇ ਤੋਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਪੰਜ–ਪੰਜ ਹਜ਼ਾਰ ਕਰੋੜ ਦੇ ਕੇ ਕਿਸੇ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਬੇਬੁਨਿਆਦ ਅਤੇ ਬਚਕਾਨਾ ਹੈ। ਮਦਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਗਰੀਬ ਪਰਿਵਾਰ ਤੋਂ ਆਏ ਅਤੇ ਕਦਾਚਿਤ ਪੈਸਿਆਂ ਦੇ ਬਲ ‘ਤੇ ਅਹੁਦਾ ਹਾਸਲ ਨਹੀਂ ਕੀਤਾ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਆਗੂ ਵੀ ਕਾਂਗਰਸ ਵਿੱਚ ਸੰਗਠਨਕ ਮਿਹਨਤ ਦੇ ਆਧਾਰ ‘ਤੇ ਅੱਗੇ ਵਧੇ ਹਨ।
ਉਨ੍ਹਾਂ ਨਵਜੋਤ ਕੌਰ ਸਿੱਧੂ ਦੀ ਸੋਚ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਐਸੇ ਦਾਅਵੇ ਕਰਨਾ ਕਾਂਗਰਸ ਪਰਿਵਾਰ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਿਹਨਾਂ ਕੋਲ ਸਬੂਤ ਹਨ, ਉਹ ਜਨਤਕ ਕਰਨ, ਨਹੀਂ ਤਾਂ ਸਿਰਫ਼ ਦੋਸ਼ ਲਗਾਉਣਾ ਠੀਕ ਨਹੀਂ। ਸੌਰਵ ਮਦਾਨ ਉਰਫ ਮਿੱਠੂ ਮਦਾਨ ਨੇ ਆਰੋਪ ਲਗਾਇਆ ਕਿ ਨਵਜੋਤ ਕੌਰ ਸਿੱਧੂ ਹੁਣ ਬੀਜੇਪੀ ਵੱਲ ਜਾਣ ਦੀ ਤਿਆਰੀ ਕਰ ਰਹੇ ਹਨ ਅਤੇ ਇਸੇ ਕਾਰਨ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਆਮ ਵਰਕਰ ਨੂੰ ਅਹੁਦਾ ਦੇ ਕੇ ਅੱਗੇ ਲਿਆਉਂਦੀ ਹੈ ਅਤੇ ਉਹ ਖੁਦ ਇਸ ਦੀ ਚੰਗੀ ਉਦਾਹਰਣ ਹਨ। ਮਦਾਨ ਨੇ ਕਿਹਾ ਕਿ ਜਿਹੜੇ ਲੋਕ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਨਹੀਂ ਮੰਨਦੇ, ਉਹ ਅਸਲ ਵਿੱਚ ਕਾਂਗਰਸ ਦੇ ਨਹੀਂ ਹਨ। ਕਾਂਗਰਸ ਮਜ਼ਬੂਤੀ ਨਾਲ ਇਕਜੁੱਟ ਹੈ ਅਤੇ ਬੇਬੁਨਿਆਦ ਦੋਸ਼ਾਂ ਨਾਲ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਣ ਨਹੀਂ ਦਿੱਤਾ ਜਾਵੇਗਾ।
