
ਆਮ ਆਦਮੀ ਪਾਰਟੀ ਦੇ ਬਾਗੀ ਲੋਕ ਸਭਾ ਮਂੈਬਰ ਹਰਿੰਦਰ ਸਿੰਘ ਖ਼ਾਲਸਾ ਨੇ ਕੇਂਦਰ ਮੰਤਰੀ ਮੰਡਲ ਵਲੋਂ ਪਾਸ ਕੀਤੇ ਗਏ......
ਬਠਿੰਡਾ : ਆਮ ਆਦਮੀ ਪਾਰਟੀ ਦੇ ਬਾਗੀ ਲੋਕ ਸਭਾ ਮਂੈਬਰ ਹਰਿੰਦਰ ਸਿੰਘ ਖ਼ਾਲਸਾ ਨੇ ਕੇਂਦਰ ਮੰਤਰੀ ਮੰਡਲ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿਲ ਦਾ ਸਵਾਗਤ ਕੀਤਾ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ: ਖ਼ਾਲਸਾ ਨੇ ਕਿਹਾ ਕਿ ਇਸਦੇ ਨਾਲ ਜਿੱਥੇ ਹਿੰਦੂ ਭਰਾਵਾਂ ਨੂੰ ਵੱਡਾ ਫ਼ਾਈਦਾ ਹੋਵੇਗਾ,ਉਥੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਰਗੇ ਮੁਲਕਾਂ ਤੋਂ ਆਏ ਸਿੱਖ ਸਰਨਾਥੀਆਂ ਨੂੰ ਵੀ ਰਾਹਤ ਮਿਲੇਗੀ। ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ: ਖ਼ਾਲਸਾ ਮੁਤਾਬਕ ਇਹ ਮੋਦੀ ਸਰਕਾਰ ਵਲੋਂ ਚੁੱਕਿਆ ਗਿਆ ਕਦਮ ਮਨੁੱਖਤਾ ਨੂੰ ਰਾਹਤ ਦੇਣ ਵਾਲਾ ਹੈ, ਜਿਸਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਉਨ੍ਹਾਂ ਕੁੱਝ ਵਿਰੋਧੀਆਂ ਵਲੋਂ ਇਸ ਬਿੱਲ ਦੇ ਵਿਰੋਧ ਕਰਨ ਪਿੱਛੇ ਸਿਆਸੀ ਮੰਤਵ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਫੈਸਲਾ ਹੈ। ਐਮ.ਪੀ ਖ਼ਾਲਸਾ ਨੇ ਕਿਹਾ ਕਿ ਉਹ ਇਸ ਬਿਲ ਦਾ ਸਮਰਥਨ ਕਰਦੇ ਹਨ ਕਿਉਂਕਿ ਇਸ ਦੇ ਪਾਸ ਹੋਣ ਨਾਲ ਕਈ-ਕਈ ਸਾਲਾਂ ਤੋਂ ਪਾਕਿਸਤਾਨ, ਆਫ਼ਿਗਸਤਾਨ ਤੇ ਬੰਗਲਾਦੇਸ਼ ਆਦਿ ਵਿਚੋਂ ਉਜੜ ਕੇ ਆਏ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ ਤੇ ਪਾਰਸੀਆਂ ਆਦਿ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਉਨਾਂ ਸਰਕਾਰ ਵਲੋਂ ਭਾਰਤ 'ਚ ਸ਼ਰਨਾਰਥੀਆਂ ਦੇ ਰਹਿਣ ਦੀ ਸਮਾਂ ਹੱਦ 12 ਸਾਲਾਂ ਤੋਂ ਘੱਟ ਕੇ 6 ਸਾਲ ਕਰਨ ਦਾ ਵੀ ਸਵਾਗਤ ਕਰਦਿਆਂ ਕਿਹਾ ਕਿ ਇਸਦੇ ਨਾਲ ਅਪਣੇ ਪਿਤਾ-ਪੁਰਖੀ ਧਰਤੀ ਭਾਰਤ ਦੀ ਨਾਗਰਿਕਤਾ ਦੇ ਇੰਤਜਾਰ 'ਚ ਬੈਠੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਫ਼ਾਈਦਾ ਪੁੱਜੇਗਾ। ਉਨ੍ਹਾਂ ਕਿਹਾ ਕਿ ਉਕਤ ਦੇਸਾਂ 'ਚ ਰਾਜਤੰਤਰ ਬਦਲਣ ਕਾਰਨ ਉਥੇ ਦੀਆਂ ਘੱਟ ਗਿਣਤੀਆਂ ਨੂੰ ਕਈ ਅੱਤਿਆਚਾਰ ਸਹਿਣੇ ਪਏ ਹਨ ਤੇ ਕੇਂਦਰ ਦੇ ਇਸ ਫ਼ੈਸਲੇ ਨਾਲ ਉਨਾਂ ਦੇ ਜਖਮਾਂ ਉਪਰ ਮੱਲ੍ਹਮ ਲੱਗੇਗੀ।