
ਨੋਟਾਂ ਵਾਲੇ ਬਾਬੇ ਗੁਰਮੇਲ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਅਪਣਾ ਰਖਿਆ
ਸੰਦੌੜ, 9 ਜਨਵਰੀ (ਕੁਲਵੰਤ ਸੰਦੌੜਵੀ): ਪਿਛਲੇ ਕੁੱਝ ਸਮੇਂ ਤੋਂ ਨੋਟਾਂ ਵਾਲੇ ਬਾਬੇ ਦੇ ਨਾਮ ਉਤੇ ਮਸਹੂਰ ਹੋਏ ਬਾਬੇ ਦੇ ਕੇਸ ਵਿਚ ਨਵਾਂ ਮੋੜ ਆਇਆ, ਜ਼ਿਕਰਯੋਗ ਹੈ ਕਿ ਪਿੰਡ ਫ਼ਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾਂ ਦੇ ਨਾਮ ਉੱਪਰ ਚਲਾਈ ਇਕ ਬੇਨਾਮੀ ਸਕੀਮ ਤਹਿਤ ਕੁੱਝ ਦਿਨ ਨੋਟਾਂ ਦਾ ਮੀਂਹ ਅਤੇ ਮੋਟਰਸਾਈਕਲ, ਜਰਨੇਟਰ, ਗੱਡੀਆਂ, ਟਰੈਕਟਰ ਵੰਡਣ ਦਾ ਦਾਅਵਾ ਕਰ ਕੇ ਸੋਸ਼ਲ ਸਾਈਟਾਂ ਉਤੇ ਮਸ਼ਹੂਰ ਹੋਏ ਅਤੇ ਹੁਣ ਕਈ ਦਿਨਾਂ ਤੋਂ ਕਰੋੜਾਂ ਰੁਪਿਆ ਇਕੱਠਾ ਕਰ ਕੇ ਰੂਹਪੋਸ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਨੇ ਬੀਤੀ ਰਾਤ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਇਕ ਵੀਡੀਉ ਰਾਹੀਂ ਅਪਣੀ ਗੱਲ ਰੱਖੀ ਹੈ ਜਿਸ ਵਿਚ ਉਸ ਨੇ ਸ਼ਰੇਆਮ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਤਿੰਨ ਮੈਂਬਰਾਂ ਸਿਰ ਕਰੋੜਾਂ ਰੁਪਏ ਖ਼ੁਰਦ ਬੁਰਦ ਕਰਨ ਦਾ ਠੀਕਰਾ ਭੰਨ ਕੇ ਅਪਣੇ ਆਪ ਨੂੰ ਬੇਕਸੂਰ ਦਸਿਆ ਹੈ ।
ਵੀਡੀਉ ਰਾਹੀਂ ਬਾਬਾ ਗੁਰਮੇਲ ਸਿੰਘ ਨੇ ਕਿਹਾ ਹੈ ਕਿ ਉਹ ਅਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਜਾ ਰਿਹਾ ਹੈ। ਅੱਜ ਕੁਠਾਲਾ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਵੀ ਵੱਡੀ ਗਿਣਤੀ ਵਿਚ ਪੈਸੇ ਵਾਪਸ ਲੈਣ ਲਈ ਲੋਕ ਕੁਠਾਲਾ ਦੇ ਗੁਰੂ ਘਰ ਵਿਚ ਪਹੁੰਚ ਰਹੇ ਸਨ ਅਤੇ ਕਾਫ਼ੀ ਲੋਕ ਗੁਰੂ ਘਰ ਵਿਚ ਪੱਕੇ ਤੌਰ ਦੇ ਬੈਠੇ ਹਨ, ਜਿਨ੍ਹਾਂ ਨੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਦੀ ਧਰਮ ਪਤਨੀ ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਸਾਲੀ ਸੁਖਵਿੰਦਰ ਕੌਰ ਨੂੰ ਬੱਚਿਆਂ ਤੇ ਨਜ਼ਰ ਰੱਖੀ ਹੋਈ ਹੈ।
ਲੋਕਾਂ ਨੂੰ ਖ਼ਦਸਾ ਹੈ ਕੇ ਬਾਬੇ ਦਾ ਪਰਵਾਰ ਵੀ ਕਿਸੇ ਅਣਦੱਸੀ ਥਾਂ ਉਤੇ ਬਾਬੇ ਕੋਲ ਨਾ ਚਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਬੱਚੇ ਅਤੇ ਸਾਲੀ ਨੂੰ ਉਸ ਸਮੇਂ ਤਕ ਪਿੰਡ ਕੁਠਾਲਾ ਤੋਂ ਜਾਣ ਨਹੀਂ ਦਿਤਾ ਜਾਵੇਗਾ, ਜਿਨ੍ਹਾਂ ਟਾਇਮ ਗ੍ਰੰਥੀ ਗੁਰਮੇਲ ਸਿੰਘ ਉਨ੍ਹਾਂ ਵਲੋਂ ਦਿਤੀ ਰਕਮ ਵਾਪਸ ਨਹੀਂ ਕਰਦਾ।