
ਕੇਂਦਰੀ ਕਾਨੂੰਨ ਸਮੁੱਚੇ ਦੇਸ਼ 'ਚ ਹੁੰਦੇ ਨੇ ਲਾਗੂ : ਰਾਘਵ ਚੱਢਾ
ਦਿੱਲੀ 'ਚ ਖੇਤੀ ਕਾਨੂੰਨ ਲਾਗੂ ਕਰਨ ਬਾਰੇ ਦਿਤਾ ਜਵਾਬ
ਚੰਡੀਗੜ੍ਹ, 9 ਜਨਵਰੀ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅਪਣੀ ਪਹਿਲੀ ਫੇਰੀ ਦੌਰਾਨ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬਿਆਨ ਦੇ ਹਵਾਲੇ ਨਾਲ ਕੈਪਟਨ ਸਰਕਾਰ 'ਤੇ ਪੰਜਾਬ ਵਿਚ ਕੇਂਦਰੀ ਖੇਤੀ ਕਾਨੂੰਨ ਲਾਗੂ ਕਰਨ ਦਾ ਦੋਸ਼ ਲਗਾਇਆ ਹੈ ਪਰ ਦਿੱਲੀ ਵਿਚ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਬਾਰੇ ਕੀਤੇ ਇਕ ਸੁਆਲ ਦੇ ਜਵਾਬ ਵਿਚ ਉਹ ਸਿੱਧਾ ਜਵਾਬ ਨਾ ਦਿੰਦਿਆਂ ਇਹ ਕਹਿ ਗਏ ਕਿ ਕੇਂਦਰੀ ਕਾਨੂੰਨ ਸਮੁੱਚੇ ਦੇਸ਼ ਵਿਚ ਲਾਗੂ ਹੁੰਦੇ ਹਨ |
ਆਮ ਆਦਮੀ ਪਾਰਟੀ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਸੱਚੀ ਹਮਾਇਤੀ ਦਸਦਿਆਂ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਸੀ, ਜਿਹੜੇ ਵਿਅਕਤੀ ਵੱਖ-ਵੱਖ ਇਤਰਾਜ਼ਯੋਗ ਬਿਆਨਾਂ ਕਾਰਨ ਭਾਜਪਾ ਆਗੂਆਂ ਨੇ ਵਿਰੁਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹਨ ਤੇ ਹੁਣ ਕੱੁਝ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਨਾਲ ਸੰਪਰਕ ਕੀਤਾ ਹੈ ਜਿਸ 'ਤੇ ਪੰਜ ਵਿਅਕਤੀਆਂ ਲਈ ਆਮ ਆਦਮੀ ਪਾਰਟੀ ਨੇ ਭਾਜਪਾ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ | ਕਾਨੂੰਨੀ ਨੋਟਿਸ ਭੇਜਣ ਵਾਲਿਆਂ ਵਿਚ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਨਰਿੰਦਰ ਸਿੰਘ ਸ਼ੇਰਗਿੱਲ ਵੀ ਸ਼ਾਮਲ ਹਨ | ਇਸ ਤੋਂ ਇਲਾਵਾ ਬਠਿੰਡਾ ਦੀ ਬੇਬੇ ਮਹਿੰਦਰ ਕੌਰ ਬਾਰੇ ਟਿੱਪਣੀ ਕਰਨ ਪ੍ਰਤੀ ਜੀਵਨਜੋਤ ਕੌਰ ਨਾਮੀ ਇਕ ਮਹਿਲਾ ਵਲੋਂ ਕੰਗਨਾ ਰਨੌਤ ਨੂੰ ਨੋਟਿਸ ਭੇਜੇ ਜਾਣ ਦੀ ਗੱਲ ਕਹੀ ਹੈ ਤੇ ਇਸ ਤੋਂ ਇਲਾਵਾ ਮਨੋਜ ਤਿਵਾੜੀ, ਰਾਓ ਸਾਹਿਬ ਦਾਨਵੇ ਤੇ ਰਵੀ ਕਿਸ਼ਨ ਨੂੰ ਵੀ ਕਾਨੂੰਨੀ ਨੋਟਿਸ ਭੇਜ ਕੇ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ |
ਇਨ੍ਹਾਂ ਆਗੂਆਂ ਵਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਚੀਨ ਅਤੇ ਪਾਕਿਸਤਾਨ ਦਾ ਏਜੰਟ ਦਸਣ ਤੋਂ ਇਲਾਵਾ ਹੁੱਲੜਬਾਜ਼ ਕਹੇ ਜਾਣ ਦਾ ਦੋਸ਼ ਹੈ | ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਵਿਅਕਤੀ ਨੂੰ ਕਿਸਾਨਾਂ ਨੂੰ ਅਤਿਵਾਦੀ ਨਹੀਂ ਕਹਿਣ ਦੇਵੇਗੀ ਤੇ ਨਾ ਹੀ ਕੋਈ ਹੋਰ ਇਤਰਾਜ਼ਯੋਗ ਟਿੱਪਣੀ ਕਰਨ ਦੇਵੇਗੀ ਤੇ ਕਿਸਾਨਾਂ ਦੀ ਮਦਦ ਲਈ ਤਤਪਰ ਰਹੇਗੀ | ਆਪ ਸਹਿ ਇੰਚਾਰਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਭਾਜਪਾ ਦੇ ਇਸ਼ਾਰਿਆਂ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਕੈਪਟਨ ਦਿੱਲੀ ਜਾ ਕੇ ਅਮਿਤ ਸ਼ਾਹ ਨੂੰ ਮਿਲੇ ਪਰ ਲਾਗ ਬੈਠੇ ਕਿਸਾਨਾਂ ਨੂੰ ਨਹੀਂ ਮਿਲ ਸਕੇ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਦੇ ਕੇਸਾਂ ਕਾਰਨ ਕੈਪਟਨ ਭਾਜਪਾ ਦੇ ਦਬਾਅ ਹੇਠ ਹਨ |
ਚੱਢਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਬੁਲਾਉਣ ਦੇ ਫ਼ੈਸਲੇ ਉੱਤੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਟਿੱਪਣੀ ਦੀ ਆਮ ਆਦਮੀ ਪਾਰਟੀ (ਆਪ) ਨੇ ਨਿਖੇਧੀ ਕਰਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀਐਮ ਨੂੰ ਨਹੀਂ ਬੁਲਾ ਰਹੀ ਪਰ ਕਾਂਗਰਸ ਪੀਐਮ ਨੂੰ ਬੁਲਾਉਣ ਦੀ ਧਾਰਨੀ ਹੈ | ਚੱਢਾ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੇ ਚਲਦਿਆਂ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿਚ ਖੜਿ੍ਹਆਂ ਹੈ, ਪ੍ਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਭਾਜਪਾ ਦੇ ਹੱਕ 'ਚ ਭੁਗਤ ਰਹੀ ਹੈ, ਲਿਹਾਜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੰਦੇ ਹਨ ਕਿ ਉਹ ਭਾਜਪਾ ਜੁਆਇਨ ਕਰਨ ਲੈਣ ਤਾਂ ਜੋ ਉਨ੍ਹਾਂ ਦੇ ਪ੍ਰਵਾਰ 'ਤੇ ਪਏ ਕੇਸ ਠੰਢੇ ਪੈ ਜਾਣ |