
ਆਰਮੀ 'ਚੋਂ ਛੁੱਟੀ ਆਏ ਨੌਜਵਾਨ ਦੀ ਭੇਤ ਭਰੀ ਹਾਲਤ 'ਚ ਮੌਤ
ਪਰਵਾਰ ਨੇ ਲਗਾਏ ਦੋ ਨੌਜਵਾਨਾਂ 'ਤੇ ਜ਼ਹਿਰੀਲੀ ਚੀਜ਼ ਦੇਣ ਦੋਸ਼
ਦੋਦਾ, 9 ਜਨਵਰੀ (ਅਸ਼ੋਕ ਯਾਦਵ): ਬੀਤੀ ਦੇਰ ਸ਼ਾਮ ਪਿੰਡ ਦੋਦਾ ਦੇ ਆਰਮੀ 'ਚੋਂ ਛੁੱਟੀ ਆਏ ਨੌਜਵਾਨ ਦੀ ਭੇਤ ਭਰੀ ਹਾਲਤ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਤ ਪੁਲਿਸ ਥਾਣਾ ਕੋਟਭਾਈ ਦੀ ਐਸ.ਐਚ.ਓ. ਲਵਮੀਤ ਕੌਰ ਨੇ ਦਸਿਆ ਕਿ ਮਿ੍ਤਕ ਨੌਜਵਾਨ ਦੀ ਮਾਤਾ ਮਨਜੀਤ ਕੌਰ ਪਤਨੀ ਜਗਜੀਤ ਸਿੰਘ ਨੇ ਅਪਣੇ ਬਿਆਨਾਂ 'ਚ ਲਿਖਵਾਇਆ ਕਿ ਉਸ ਦਾ ਲੜਕਾ ਸ਼ਰਨਜੀਤ ਸਿੰਘ (22) ਮੇਰਠ (ਯੂ.ਪੀ.) ਵਿਖੇ ਫ਼ੌਜ 'ਚ ਨੌਕਰੀ ਕਰ ਰਿਹਾ ਸੀ | ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਲੜਕਾ ਬੀਤੀ ਸ਼ਾਮ ਨੂੰ ਘਰੋਂ ਜੈਮ ਲੈਣ ਗਿਆ ਸੀ, ਪਰ ਕਾਫ਼ੀ ਦੇਰ ਬਾਅਦ ਉਸ ਦੇ ਦੋ ਦੋਸਤ ਉਸ ਨੂੰ ਗੰਭੀਰ ਹਾਲਤ 'ਚ ਘਰ ਛੱਡ ਕੇ ਚਲੇ ਗਏ |
ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਸ੍ਰੀ ਮੁਕਤਸਰ ਸਹਿਬ ਦੇ ਸਿਵਲ ਹਸਪਤਾਲ ਲਿਆਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿਤਾ | ਮਿ੍ਤਕ ਦੀ ਮਾਤਾ ਮਨਜੀਤ ਕੌਰ ਪਤਨੀ ਜਗਜੀਤ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨਾਂ 'ਚ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਘਰ ਛੱਡਣ ਆਏ ਨੌਜਵਾਨਾਂ ਨੇ ਹੀ ਕੋਈ ਜ਼ਹਿਰੀਲੀ ਚੀਜ ਖੁਆ ਦਿਤੀ ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿਤਾ ਅਤੇ ਮਿ੍ਤਕ ਦੀ ਮਾਤਾ ਦੇ ਬਿਆਨਾਂ 'ਤੇ ਐਫ਼.ਆਈ.ਆਰ. ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
ਕੈਪਸ਼ਨ : ਮਿ੍ਤਕ ਸ਼ਰਨਜੀਤ ਸਿੰਘ ਦੀ ਫਾਈਲ ਫੋਟੋ |
ਫੋਟੋ ਫਾਇਲ : ਐਮਕੇਐਸ 09 - 05