
ਪ੍ਰਵਾਸੀ ਸੰਮੇਲਨ: ਭਾਰਤ ’ਚ ਲੋਕਤੰਤਰ ਸੱਭ ਤੋਂ ਵਧੇਰੇ ਮਜ਼ਬੂਤ : ਮੋਦੀ
ਨਵੀਂ ਦਿੱਲੀ, 9 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸਨਿਚਰਵਾਰ ਨੂੰ 16ਵੇਂ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਵੀਂ ਪੀੜ੍ਹੀ ਭਾਵੇਂ ਹੀ ਜੜ੍ਹਾਂ ਤੋਂ ਦੂਰ ਹੋ ਗਈ ਹੋਵੇ ਪਰ ਉਨ੍ਹਾਂ ਦਾ ਜੁੜਾਅ ਭਾਰਤ ਨਾਲ ਵਧਿਆ ਹੈ। ਭਾਰਤ ਦੇ ਲੋਕਾਂ ਨੇ ਸੇਵਾ ਭਾਵਨਾ ਦਾ ਪਰਿਚੈ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ’ਚ ਭਾਰਤ ਦੇ ਲੋਕਾਂ ਨੇ ਸ਼ਾਨਦਾਰ ਕੰਮ ਕੀਤਾ। ਲੋਕ ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਮਦਦਗਾਰ ਦਿੱਸੇ। ਕੋਰੋਨਾ ਲਾਗ ਦੇ ਇਸ ਦੌਰ ’ਚ ਭਾਰਤ ਨੇ ਫਿਰ ਦਿਖਾ ਦਿੱਤਾ ਕਿ ਸਾਡੀ ਤਾਕਤ ਕੀ ਹੈ ਅਤੇ ਸਾਡੀ ਸਮਰੱਥਾ ਕੀ ਹੈ। ਕੋਰੋਨਾ ਕਾਲ ’ਚ ਅੱਜ ਭਾਰਤ ਦੁਨੀਆ ਦੇ ਸਭ ਤੋਂ ਘੱਟ ਮੌਤ ਦਰ ਅਤੇ ਸਭ ਤੋਂ ਵੱਧ ਸੁਧਾਰ ਦਰਜ ਕਰਨ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੇ ਲੋਕਤੰਤਰ ’ਤੇ ਇਕ ਸਮੇਂ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ ਪਰ ਅੱਜ ਭਾਰਤ ਦਾ ਉਹ ਸਥਾਨ ਹੈ, ਜਿੱਥੇ ਲੋਕਤੰਤਰ ਸਭ ਤੋਂ ਵਧੇਰੇ ਮਜ਼ਬੂਤ ਹੈ ਅਤੇ ਸਭ ਤੋਂ ਜੀਵੰਤ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰ ਕੇ ਗਰੀਬਾਂ ਨੂੰ ਮਜ਼ਬੂਤ ਕਰਨ ਦੀ ਭਾਰਤ ਦੀਆਂ ਕੋਸ਼ਿਸ਼ਾਂ ’ਤੇ ਪੂਰੀ ਦੁਨੀਆ ਚਰਚਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਰਗਾ ਇੰਨਾ ਵੱਡਾ ਲੋਕਤੰਤਰੀ ਦੇਸ਼ ਜਿਸ ਇਕਜੁੱਟਤਾ ਨਾਲ ਖੜ੍ਹਾ ਹੈ, ਉਸ ਦੀ ਮਿਸਾਲ ਦੁਨੀਆ ਵਿਚ ਨਹੀਂ ਹੈ। ਮੋਦੀ ਨੇ ਕਿਹਾ ਕਿ ਅਸੀਂ ਕਦੇ ਦੁਨੀਆ ’ਤੇ ਕੋਈ ਚੀਜ਼ ਨਹੀਂ ਥੋਪੀ ਅਤੇ ਨਾ ਹੀ ਥੋਪਣ ਬਾਰੇ ਸੋਚਿਆ ਸਗੋਂ ਅਸੀਂ ਭਾਰਤ ਬਾਰੇ ਜਗਿਆਸਾ ਪੈਦਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਗਰੀਬ ਤੋਂ ਗਰੀਬ ਨੂੰ ਮਜ਼ਬੂਤ ਕਰਨ ਦੀ ਜੋ ਮੁਹਿੰਮ ਅੱਜ ਭਾਰਤ ’ਚ ਚੱਲ ਰਹੀ ਹੈ, ਉਸ ਦੀ ਦੁਨੀਆ ਦੇ ਹਰ ਕੋਨੇ ਵਿਚ ਅਤੇ ਹਰ ਪੱਧਰ ’ਤੇ ਚਰਚਾ ਹੋ ਰਹੀ ਹੈ। ਭਾਰਤ ਅੱਜ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਲਈ ਤਕਨੀਕ ਦਾ ਵਧੇਰੇ ਇਸਤੇਮਾਲ ਕਰ ਰਿਹਾ ਹੈ।
(ਪੀਟੀਆਈ)