
ਸੜਕ ਹਾਦਸੇ ’ਚ ਦੋ ਜਣਿਆਂ ਦੀ ਮੌਤ, ਇਕ ਜ਼ਖ਼ਮੀ
ਕੁਰਾਲੀ, 9 ਜਨਵਰੀ (ਪਪ): ਸ਼ਹਿਰ ਦੀ ਚੰਡੀਗੜ੍ਹ ਰੋਡ ’ਤੇ ਬੀਤੀ ਅੱਧੀ ਰਾਤ ਨੂੰ ਭੇਤਭਰੀ ਸਥਿਤੀ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਤੀਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋਏ ਲੋਕਾਂ ਮੁਤਾਬਕ ਇਹ ਹਾਦਸਾ ਬੀਤੀ ਅੱਧੀ ਰਾਤ ਦੇ ਕਰੀਬ ਚੰਡੀਗੜ੍ਹ ਰੋਡ ’ਤੇ ਪੈਂਦੇ ਹਸਪਤਾਲ ਦੇ ਸਾਹਮਣੇ ਉਦੋਂ ਵਾਪਰਿਆ ਜਦੋਂ ਕੁਰਾਲੀ ਤੋਂ ਖਰੜ ਵੱਲ ਜਾ ਰਹੀ ਕਾਰ ਨੰਬਰ ਸੀਐੱਚ 01ਏ ਯੂ 1371 ਅਚਾਨਕ ਬੇਕਾਬੂ ਹੋ ਕੇ ਨਗਰ ਕੌਂਸਲ ਵਲੋਂ ਚੰਡੀਗੜ੍ਹ ਰੋਡ ’ਤੇ ਲਾਈਆਂ ਗਈਆਂ ਸਟਰੀਟ ਲਾਈਟਾਂ ਦੇ ਲੱਗੇ ਖੰਭੇ ਨਾਲ ਜਾ ਟਕਰਾਈ। ਇਸ ਮਗਰੋਂ ਇਹ ਕਾਰ ਥੋੜ੍ਹੀ ਦੂਰ ਜਾ ਕੇ ਪਲਟ ਗਈ। ਹਾਦਸੇ ਕਾਰਨ ਕਾਰ ਵਿਚ ਸਵਾਰ ਰਾਜੇਸ਼ ਭਾਟੀਆ ਵਾਸੀ ਸੈਕਟਰ 38 (ਵੈਸਟ) ਚੰਡੀਗੜ੍ਹ ਤੇ ਜੋਗਿੰਦਰ ਕੁਮਾਰ ਵਾਸੀ ਡੱਡੂ ਮਾਜਰਾ (ਚੰਡੀਗੜ੍ਹ) ਦੀ ਮੌਕੇ ’ਤੇ ਮੌਤ ਹੋ ਗਈ। ਕਾਰ ਵਿਚ ਸਵਾਰ ਤੀਜੇ ਵਿਅਕਤੀ ਸੁਰਿੰਦਰ ਮੌਂਟੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਜਾਨ ਦਾ ਬਚਾਅ ਰਿਹਾ।
ਜਾਣਕਾਰੀ ਮੁਤਾਬਕ ਇਹ ਵਿਅਕਤੀ ਕੁਰਾਲੀ ’ਚ ਰਹਿੰਦੇ ਮਿੱਤਰ ਨੂੰ ਮਿਲ ਕੇ ਵਾਪਸ ਚੰਡੀਗੜ੍ਹ ਪਰਤ ਰਹੇ ਸਨ। ਇਹ ਸੜਕੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪਲਟਦੀ ਹੋਈ ਲਗਭਗ ਪੂਰੀ ਤਰ੍ਹਾਂ ਨੁਕਸਾਨੀ ਗਈ। ਸੜਕ ਹਾਦਸੇ ਦਾ ਖੜਾਕਾ ਸੁਣ ਕੇ ਨੇੜਲੇ ਘਰਾਂ ਦੇ ਲੋਕਾਂ ਨੇ ਮੌਕੇ ਪਹੁੰਚ ਕੇ ਸਿਟੀ ਪੁਲਿਸ ’ਤੇ ਐਬੂਲੈਂਸ ਨੂੰ ਫੋਨ ਰਾਹੀਂ ਇਤਲਾਹ ਕੀਤੀ।
ਇਸੇ ਦੌਰਾਨ ਇਕੱਠੇ ਹੋਏ ਲੋਕਾਂ ਨੇ ਦਸਿਆ ਕਿ ਐਬੂਲੈਂਸ ਤੇ ਪੁਲਿਸ ਵੀ ਕੱੁਝ ਸਮੇਂ ਵਿਚ ਮੌਕੇ ’ਤੇ ਪਹੁੰਚ ਗਈ। ਲੋਕਾਂ ਨੇ ਪਲਟੀ ਹੋਈ ਕਾਰ ਵਿਚੋਂ ਜਖ਼ਮੀਆਂ ਨੂੰ ਕਢਿਆ ਤੇ ਇਲਾਜ sਲਈ ਸਥਾਨਕ ਹਸਪਤਾਲ ਤਕ ਪਹੁੰਚਾਇਆ। ਸੜਕ ਹਾਦਸੇ ਦੀ ਜਾਂਚ ਕਰ ਰਹੇ ਏਐੱਸਆਈ ਬਲਵਿੰਦਰ ਸਿੰਘ ਨੇ ਦਸਿਆ ਕਿ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੌਰਾਨ ਕਾਰ ਬੇਕਾਬੂ ਹੋ ਕੇ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਦਸਿਆ ਕਿ ਹਾਦਸੇ ਦੌਰਾਨ ਕਾਰ ਚਲਾ ਰਹੇ ਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਦੀ ਮੌਕੇ ’ਤੇ ਮੌਤ ਹੋਈ ਸੀ ਜਦਕਿ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੇ ਸੁਰਿੰਦਰ ਮੌਂਟੀ ਨੇ ਕਿਉਂਕਿ ਸੀਟ ਬੈਲਟ ਲਾਈ ਸੀ, ਉਸ ਦਾ ਬਚਾਅ ਹੋ ਗਿਆ।