
ਸੰਯੁਕਤ ਸਮਾਜ ਮੋਰਚੇ ਵਲੋਂ ਸਾਰੇ ਉਮੀਦਵਾਰਾਂ ਤੇ ਮੈਨੀਫ਼ੈਸਟੋ ਦਾ ਐਲਾਨ 2-3 ਦਿਨਾਂ ਵਿਚ : ਰਾਜੇਵਾਲ
ਚੰਡੀਗੜ੍ਹ, 9 ਜਨਵਰੀ (ਗੁਰਉਪਦੇਸ਼ ਭੁੱਲਰ) : 22 ਕਿਸਾਨ ਜਥੇਬੰਦੀਆਂ ਵਲੋਂ ਚੋਣਾਂ ਲਈ ਬਣਾਏ ਗਏ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਉਮੀਦਵਾਰਾਂ ਅਤੇ ਮੈਨੀਫ਼ੈਸਟੋ ਦਾ ਐਲਾਨ 2-3 ਦਿਨਾਂ ਅੰਦਰ ਕਰ ਦਿਤਾ ਜਾਵੇਗਾ। ਇਹ ਜਾਣਕਾਰੀ ਮੋਰਚੇ ਦੇ ਮੁਖੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਥੇ ਅਪਣੇ ਸਾਥੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਦਿਤੀ।
ਉਨ੍ਹਾਂ ਦਸਿਆ ਕਿ ਮੋਰਚੇ ਦੇ ਸੰਸਦੀ ਬੋਰਡ, ਸਕਰੀਨਿੰਗ ਅਤੇ ਮੈਨੀਫ਼ੈਸਟੋ ਕਮੇਟੀਆਂ ਦਾ ਗਠਨ ਕਰ ਦਿਤਾ ਗਿਆ ਹੈ। ਮੋਰਚੇ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਵੇਗਾ। ਉਨ੍ਹਾਂ ਹੋਰ ਵੇਰਵੇ ਦਿੰਦੇ ਹੋਏ ਦਸਿਆ ਕਿ ਸੰਸਦੀ ਬੋਰਡ ਵਿਚ ਮਨਜੀਤ ਸਿੰਘ ਰਾਏ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਬੋਘ ਸਿੰਘ, ਰੁਲਦੂ ਸਿੰਘ, ਕੇ.ਐਸ. ਸੇਖੋਂ, ਹਰਮੰਦਰ ਸਿੰਘ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਟਿਕਟਾਂ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਸਕਰੀਨਿੰਗ ਲਈ ਬਣਾਈ ਕਮੇਟੀ ਵਿਚ ਕੁਲਵੰਤ ਸਿੰਘ ਸੰਧੂ, ਪ੍ਰੋ. ਮਨਜੀਤ ਸਿੰਘ, ਮੁਕੇਸ਼ ਸ਼ਰਮਾ, ਕ੍ਰਿਪਾ ਸਿੰਘ, ਕੁਲਦੀਪ ਸਿੰਘ ਵਜ਼ੀਦਪੁਰ ਨੂੰ ਲਿਆ ਗਿਆ ਹੈ। ਇਸੇ ਤਰ੍ਹਾਂ ਮੈਨੀਫ਼ੈਸਟੋ ਕਮੇਟੀ ਵਿਚ ਪ੍ਰੋ. ਕਮਲ ਸਰਤਾਜ ਸਿੰਘ, ਸਾਬਕਾ ਆਈ.ਏ.ਐਸ. ਖ਼ੁਸ਼ੀ ਰਾਮ, ਅਮਿਤੋਜ ਮਾਨ, ਦੀਪਕ ਚਨਾਰਥਲ ਅਤੇ ਹਮੀਰ ਸਿੰਘ ਨੂੰ ਲਿਆ ਗਿਆ ਹੈ।
ਰਾਜੇਵਾਲ ਨੇ ਪ੍ਰੈਸ ਕਾਨਫ਼ਰੰਸ ਵਿਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਦਸਿਆ ਕਿ ਦਿਤੀਆਂ ਜਾਣ ਵਾਲੀਆਂ ਟਿਕਟਾਂ ਵਿਚ ਹਰ ਵਰਗ ਨੂੰ ਪ੍ਰਤੀਨਿਧਤਾ ਦਿਤੀ ਜਾਵੇਗੀ। ਇਸ ਵਿਚ ਕਿਸਾਨਾਂ ਦੇ ਨਾਲ ਮਜ਼ਦੂਰ, ਬੁੱਧੀਜੀਵੀ, ਕਲਾਕਾਰ, ਵਪਾਰੀ ਤੇ ਹੋਰ ਸੱਭ ਵਰਗਾਂ ਦੇ ਲੋਕ ਸ਼ਾਮਲ ਹੋਣਗੇ।
ਉਨ੍ਹਾਂ ਚੋਣ ਕਮਿਸ਼ਨ ਵਲੋਂ ਜਨਤਕ ਰੈਲੀਆਂ ’ਤੇ ਲਾਈਆਂ ਰੋਕਾਂ ਬਾਰੇ ਕਿਹਾ ਕਿ ਸਾਨੂੰ ਕੋਈ ਦਿੱਕਤ ਨਹੀਂ ਅਤੇ ਅਸੀ ਕਮਿਸ਼ਨ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰ ਕੇ ਚੋਣ
ਮੁਹਿੰਮ ਚਲਾਵਾਂਗੇ। ਚੋਣਾਂ ਦਾ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਬਾਰੇ ਰਾਜੇਵਾਲ ਨੇ ਕਿਹਾ ਕਿ ਉਹ ਵੀ ਸਾਡੇ ਭਾਈ ਹਨ ਅਤੇ ਸਾਰੇ ਸਾਡਾ ਸਾਥ ਦੇਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚ ਕਿਸਾਨਾਂ ਦੀ ਕੋਈ ਭੂਮਿਕਾ ਨਹੀਂ ਅਤੇ ਜੇ ਕੋਈ ਕੁਤਾਹੀ ਹੋਈ ਹੈ ਤਾਂ ਇਸ ਲਈ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ।
ਜਾਣਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ 117 ਸੀਟਾਂ ਤੇ ਹੀ ਉਮੀਦਵਾਰ ਖੜੇ ਕਰਨ ਨਾਲ ਜੇ ਕਿਸਾਨ ਵੋਟ ਦੀ ਲਾਮਬੰਦੀ ਹੋ ਗਈ ਤਾਂ ਸਾਰੀਆਂ ਹੀ ਪਾਰਟੀਆਂ ਲਈ ਅਪਣਾ ਵੋਟ ਕੋਟਾ ਪੂਰਾ ਕਰਨਾ ਔਖਾ ਹੋ ਜਾਏਗਾ।, ਸਾਰੀਆਂ ਹੀ ਪਾਰਟੀਆਂ ਇਸੇ ਲਈ ਬੁਰੀ ਤਰ੍ਹਾਂ ਚਿੰਤਿਤ ਹੋ ਗਈਆਂ ਲਗਦੀਆਂ ਹਨ।