
ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ
ਬਠਿੰਡਾ: ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿਚੋਂ ਅਸਲਾ ਗ਼ਾਇਬ ਹੋਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਸੰਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਕੋਰਟ ਨੇ ਉਸ ਨਿਆਂਇਕ ਹਿਰਾਸਤ 'ਤੇ ਜੇਲ੍ਹ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਨਸ਼ੀ ਸੰਦੀਪ ਸਿੰਘ ਦੀ ਗ੍ਰਿਫਤਾਰੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੋਖੜਾ ਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਹੌਲਦਾਰ ਸੰਦੀਪ ਸਿੰਘ ਨੇ ਥਾਣਾ ਦਿਆਲਪੁਰਾ ਵਿਚ ਮੁਨਸ਼ੀ ਵਜੋਂ ਤਾਇਨਾਤੀ ਦੌਰਾਨ ਥਾਣੇ ਦੇ ਮਾਲਖਾਨੇ 12 ਦੇ ਕਰੀਬ ਹਥਿਆਰਾਂ ਨੂੰ ਬਾਹਰ ਕੱਢ ਕੇ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਖਿਲਾਫ ਥਾਣਾ ਦਿਆਲਪੁਰਾ ’ਚ ਕੇਸ ਦਰਜ ਕਰਕੇ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਹ ਵੀ ਦੱਸ ਦੇਈਏ ਕਿ SSP ਬਠਿੰਡਾ ਜੇ ਇਲਨਚੇਜੀਅਨ ਨੇ ਮਾਮਲੇ ਦੀ ਜਾਂਚ ਲਈ ਡੀਐੱਸਪੀ ਫੂਲ ਅਸ਼ਵੰਤ ਸਿੰਘ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਮਾਮਲੇ ਦੀ ਜਾਂਚ ਪੂਰੀ ਕਰਨ ਮਗਰੋਂ ਕੁਝ ਦਿਨ ਪਹਿਲਾਂ ਰਿਪੋਰਟ ਐੱਸਐੱਸਪੀ ਨੂੰ ਸੌਂਪ ਦਿੱਤੀ ਸੀ।
ਇਸ ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਥਾਣਾ ਮਲਖਾਨਾ ਤੋਂ ਹਥਿਆਰ ਗਾਇਬ ਕਰ ਦਿੱਤੇ ਸੀ ਤੇ 7 ਲੱਖ ਰੁਪਏ ਦੀ ਡਰੱਗ ਮਨੀ ਵੀ ਹੜੱਪ ਲਈ ਸੀ। ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।