
ਰਾਹੁਲ ਗਾਂਧੀ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਗੁਰਜੀਤ ਸਿੰਘ ਔਜਲਾ ਤੇ ਹੋਰ ਕਈ ਨੇਤਾ ਲੈਣ ਪਹੁੰਚੇ।
ਅੰਮ੍ਰਿਤਸਰ - ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਪੰਜਾਬ ਵਿਚ ਦਾਖਲ ਹੋ ਗਈ ਹੈ। ਇਸ ਤੋਂ ਪਹਿਲਾਂ ਯਾਤਰਾ ਦੇ ਨਿਸ਼ਚਿਤ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। ਰਾਹੁਲ ਗਾਂਧੀ ਹਰਿਆਣਾ ਦੇ ਅੰਬਾਲਾ ਤੋਂ ਰਵਾਨਾ ਹੋ ਕੇ ਅੱਜ ਅੰਮ੍ਰਿਤਸਰ ਪਹੁੰਚੇ ਹਨ। ਇੱਥੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਇਸ ਦੌਰਾਨ ਉਹਨਾਂ ਨੇ ਸਿਰ 'ਤੇ ਕੇਸਰੀ ਦਸਤਾਰ ਸਜਾਈ। ਉਨ੍ਹਾਂ ਦੇ ਨਾਲ ਪੰਜਾਬ 'ਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਕਈ ਵੱਡੇ ਨੇਤਾ ਮੌਜੂਦ ਹਨ।
ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦੇ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ 'ਚ ਜਦੋਂ ਇਕ ਕੈਮਰਾਮੈਨ ਅਚਾਨਕ ਡਿੱਗ ਪਿਆ ਤਾਂ ਰਾਹੁਲ ਗਾਂਧੀ ਉਸ ਨੂੰ ਚੁੱਕਣ ਲਈ ਦੌੜੇ। ਹਰਿਆਣਾ ਵਿਚ ਭਾਰਤ ਜੋੜੋ ਯਾਤਰਾ ਸਮਾਪਤ ਹੋ ਗਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਗੁਰਜੀਤ ਸਿੰਘ ਔਜਲਾ ਤੇ ਹੋਰ ਕਈ ਨੇਤਾ ਲੈਣ ਪਹੁੰਚੇ। ਦੁਪਹਿਰ 2 ਵਜੇ ਦੇ ਕਰੀਬ ਰਾਹੁਲ ਗਾਂਧੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨਾਂ ਲਈ ਗਏ। ਅੰਦਰ ਮੱਥਾ ਟੇਕ ਕੇ ਉਹਨਾਂ ਨੇ ਕੁੱਝ ਸਮਾਂ ਕੀਰਤਨ ਵੀ ਸੁਣਿਆ।
ਸਾਕਾ ਨੀਲਾ ਤਾਰਾ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੇ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਕੀਰਤਨ ਸੁਣਿਆ। ਕਰੀਬ 20 ਮਿੰਟ ਤੱਕ ਰਾਹੁਲ ਗਾਂਧੀ ਕੀਰਤਨ ਕਰ ਰਹੇ ਸਿੰਘ-ਸਾਹਿਬਾਂ ਦੇ ਪਿੱਛੇ ਬੈਠੇ। ਜਿੱਥੇ ਉਨ੍ਹਾਂ ਨੇ ਕੀਰਤਨ ਸਰਵਣ ਕੀਤਾ। ਰਾਹੁਲ ਗਾਂਧੀ ਭਾਵੇਂ ਤਿੰਨ ਪੱਧਰੀ ਸੁਰੱਖਿਆ ਦੇ ਘੇਰੇ ਵਿੱਚ ਰਹੇ ਹੋਣ ਪਰ ਉਨ੍ਹਾਂ ਦੇ ਨਾਲ ਨਾ ਤਾਂ ਕੋਈ ਐਸਜੀਪੀਸੀ ਮੈਂਬਰ ਸੀ ਅਤੇ ਨਾ ਹੀ ਕੋਈ ਸੁਰੱਖਿਆ ਮੁਲਾਜ਼ਮ। ਰਾਹੁਲ ਗਾਂਧੀ ਨੂੰ ਕੁਝ ਸਕਿੰਟਾਂ ਲਈ ਲਾਈਨ ਰੋਕ ਕੇ ਅੰਦਰ ਭੇਜ ਦਿੱਤਾ ਗਿਆ, ਪਰ ਅੰਦਰੋਂ ਉਨ੍ਹਾਂ ਨੇ ਆਮ ਆਦਮੀ ਵਾਂਗ ਸਿਰ ਝੁਕਾ ਕੇ ਮੱਥਾ ਟੇਕਿਆ।