ਵਿਦੇਸ਼ ਜਾਣ ਵਾਲਾ ਨੌਜਵਾਨ ਹੋਇਆ ਜ਼ਖ਼ਮੀ
ਅੱਜ ਸਵੇਰੇ ਹੁਸ਼ਿਆਰਪੁਰ ਦਸੂਹਾ ਰੋਡ ’ਤੇ ਭੂੰਗਾ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਦੀ ਆਪਲ ਵਿਚ ਭਿਆਨਕ ਟੱਕਰ ਹੋ ਗਈ। ਦਰਦਨਾਕ ਸੜਕ ਹਾਦਸੇ ’ਚ ਚਾਰ ਜਿਗਰੀ ਯਾਰਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪਿੰਡ ਝਲੇਟ ਵਾਸੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਸਿੰਘ, ਸੁਸ਼ੀਲ ਕੁਮਾਰ, ਬ੍ਰਿਜ ਕੁਮਾਰ ਅਤੇ ਅਰੁਣ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਦਾ ਨਾਮ ਅਮਿਤ ਕੁਮਾਰ ਹੈ। ਮ੍ਰਿਤਕਾਂ ਵਿੱਚੋਂ ਇੱਕ ਫੌਜ ਤੋਂ ਸੇਵਾਮੁਕਤ ਸੀ ਅਤੇ ਡਰਾਈਵਰੀ ਕਰਦਾ ਸੀ, ਜਦੋਂ ਕਿ ਬਾਕੀ ਤਿੰਨ ਕਿਸਾਨ ਸਨ।
ਜਾਣਕਾਰੀ ਅਨੁਸਾਰ ਨੌਜਵਾਨ ਹਿਮਾਚਲ ਪ੍ਰਦੇਸ਼ ਤੋਂ ਐਚ.ਪੀ 72 ਬੀ 6869 ਕਾਰ 'ਤੇ ਸਵਾਰ ਹੋ ਕੇ ਆਪਣੇ ਯਾਰ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਛੱਡਣ ਜਾ ਰਹੇ ਸਨ ਜਦ ਇਹ ਕਾਰ ਟਾਂਡਾ ਜਾ ਰਹੀ ਸੀ ਤਾਂ ਧੁੰਦ ਦੇ ਕਾਰਨ ਦਸੂਹਾ ਹੁਸ਼ਿਆਰਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੀ.ਬੀ 06ਬੀ.ਬੀ 5365 ਦੀ ਚਪੇਟ 'ਚ ਆ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ 'ਚ ਸਵਾਰ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਜਦਕਿ ਵਿਦੇਸ਼ ਜਾਣ ਵਾਲਾ ਨੌਜਵਾਨ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ।
ਜਿਸ ਨੂੰ ਤੁਰੰਤ ਹੀ ਹੁਸ਼ਿਆਰਪੁਰ ਹਸਪਤਾਲ ਦਾਖਲ ਕਰਵਾਇਆ ਗਿਆ। ਸੜਕ ਹਾਦਸੇ ਦੀ ਖ਼ਬਰ ਮਿਲਦੇ ਸਾਰ ਹੀ ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਕੀ ਭੁੰਗਾ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ।
