
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਮੁੱਖ ਮੁੱਦਾ ਲੋਕ ਸਭਾ ਚੋਣਾਂ ਦੀ ਤਿਆਰੀ ਅਤੇ.....
ਚੰਡੀਗੜ੍ਹ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਮੁੱਖ ਮੁੱਦਾ ਲੋਕ ਸਭਾ ਚੋਣਾਂ ਦੀ ਤਿਆਰੀ ਅਤੇ ਦੋ ਹਲਕਿਆਂ ਦੀ ਅਦਲਾ ਬਦਲੀ ਰਿਹਾ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਜਲੰਧਰ ਅਤੇ ਲੁਧਿਆਣਾ ਹਲਕੇ ਛੱਡ ਕੇ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਹਲਕੇ ਲੈਣ ਦੀ ਮੰਗ ਰੱਖੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਬੇਸ਼ੱਕ ਅਜੇ ਹਲਕਿਆਂ ਦੀ ਅਦਲਾ ਬਦਲੀ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਇਸ ਨਾਲ ਸਹਿਮਤੀ ਪ੍ਰਗਟਾਈ। ਆਉਣ ਵਾਲੇ ਦਿਨਾਂ ਵਿਚ ਇਸ ਬਾਰੇ ਕਿਸੀ ਫ਼ੈਸਲੇ ਦਾ ਐਲਾਨ ਹੋਵੇਗਾ।
ਇਥੇ ਇਹ ਵੀ ਦਸਣਯੋਗ ਹੋਵੇਗਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਤਿੰਨ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ। ਇਸ ਵਿਚੋਂ ਦੋ ਸੀਟਾਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੋਂ ਜਿੱਤ ਪ੍ਰਾਪਤ ਕੀਤੀ ਸੀ ਪ੍ਰੰਤੂ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਇਹ ਸੀਟ ਜਿੱਤ ਲਈ। ਅਕਾਲੀ ਦਲ ਨੇ 10 ਹਲਕਿਆਂ ਵਿਚ ਉਮੀਦਵਾਰ ਖੜੇ ਕੀਤੇ ਸਨ ਅਤੇ ਚਾਰ ਹਲਕਿਆਂ ਬਠਿੰਡਾ, ਫ਼ਿਰੋਜ਼ਪੁਰ, ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਜਿੱਤ ਪ੍ਰਾਪਤ ਕੀਤੀ ਅਤੇ 6 ਸੀਟਾਂ 'ਤੇ ਹਾਰ ਦਾ ਮੂੰਹ ਵੇਖਣਾ ਪਿਆ।
ਅੱਜ ਦੀ ਮੀਟਿੰਗ ਵਿਚ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਦਲਜੀਤ ਸਿੰਘ ਚੀਮਾ ਅਤੇ ਨਿਰਮਲ ਸਿੰਘ ਕਾਹਲੋਂ ਸ਼ਾਮਲ ਹੋਏ। ਜਦਕਿ ਭਾਜਪਾ ਵਲੋਂ ਸ਼ਵੇਤ ਮਲਿਕ, ਕੈਪਟਨ ਅਭਿਮੰਨੂੰ, ਵਿਜੈ ਸਾਂਪਲਾ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਮਦਨ ਮੋਹਨ ਮਿੱਤਲ, ਸੋਮ ਪ੍ਰਕਾਸ਼ ਅਤੇ ਅਸ਼ਵਨੀ ਸ਼ਰਮਾ ਸ਼ਾਮਲ ਹੋਏ। ਦੋਹਾਂ ਪਾਰਟੀਆਂ ਵਿਚ ਮਤਭੇਦ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਤਾਲਮੇਲ ਕਮੇਟੀ ਦੀ ਕੋਈ ਮੀਟਿੰਗ ਨਹੀਂ ਸੀ ਹੋਈ। ਭਾਜਪਾ ਦੇ ਕੌਮੀ ਪ੍ਰਧਾਨ ਦੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਸੰਭਵ ਹੋਈ ਹੈ।