
ਸਟੇਜ ਤੋਂ ਬੇਰੰਗ ਪਰਤੇ ਸਰਬਜੀਤ ਸਿੰਘ ਖ਼ਾਲਸਾ
Punjab News : ਫ਼ਰੀਦਕੋਟ ਵਿਚ ਅੱਜ ਚੰਦਭਾਨ ਜਬਰ ਵਿਰੋਧੀ ਬਣੀ ਐਕਸ਼ਨ ਕਮੇਟੀ ਵੱਲੋਂ ਆਪਣੇ ਪਹਿਲੇ ਦੇ ਦਿੱਤੇ ਪ੍ਰੋਗਰਾਮ ਤਹਿਤ ਬੇਸ਼ੱਕ ਫ਼ਰੀਦਕੋਟ ਐਸਐਸਪੀ ਦਫ਼ਤਰ ਦਾ ਘਿਰਾਓ ਨਹੀਂ ਕੀਤਾ ਗਿਆ, ਪਰ ਜਥੇਬੰਦੀਆਂ ਵੱਲੋਂ ਇਕ ਰੈਲੀ ਸਥਾਨਕ ਬਾਸਕਿਟ ਬਾਲ ਗਰਾਊਡ ਵਿਚ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਪਿੰਡ ਚੰਦਭਾਨ ਦੇ ਦਲਿਤ ਮਜ਼ਦੂਰ ਪਰਿਵਾਰਾਂ ਖ਼ਿਲਾਫ਼ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵੀ ਅਚਾਨਕ ਇਸ ਰੈਲੀ ਵਿਚ ਪਹੁੰਚ ਗਏ ਅਤੇ ਜਿਵੇਂ ਹੀ ਉਹ ਸਟੇਜ ਤੇ ਪਹੁੰਚੇ ਤਾਂ ਐਕਸ਼ਨ ਕਮੇਟੀ ਦੇ ਆਗੂ ਗੁਰਪਾਲ ਸਿੰਘ ਨੰਗਲ ਵੱਲੋਂ ਮਾਇਕ ਤੋਂ ਸਰਬਜੀਤ ਸਿੰਘ ਖ਼ਾਲਸਾ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਗਿਆ ਕਿ ਤੁਸੀਂ ਅੱਜ ਤੱਕ ਇਸ ਮਾਮਲੇ ਵਿਚ ਇਕ ਸ਼ਬਦ ਵੀ ਨਹੀਂ ਬੋਲੇ ਅਤੇ ਨਾ ਹੀ ਤੁਸੀਂ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਲਈ ਪਿੰਡ ਪਹੁੰਚ ਕੀਤੀ ਹੈ, ਇਸ ਲਈ ਐਕਸ਼ਨ ਕਮੇਟੀ ਤੁਹਾਨੂੰ ਇਥੇ ਆਉਣ ਦੀ ਆਗਿਆ ਨਹੀਂ ਦੇ ਸਕਦੀ। ਇੰਨਾ ਸੁਣਦੇ ਹੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਆਪਣੇ ਸਾਥੀਆਂ ਸਮੇਤ ਉੱਥੋਂ ਚਲੇ ਗਏ।
ਗੱਲਬਾਤ ਕਰਦਿਆਂ ਐੱਮ.ਪੀ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਚਲਦਾ ਹੋਣ ਕਾਰਨ ਉਹ ਦਿੱਲੀ ਸਨ ਅਤੇ ਇਸੇ ਲਈ ਉਹ ਪਹਿਲਾਂ ਨਹੀਂ ਆ ਸਕੇ ਪਰ ਅੱਜ ਉਹ ਘਟਨਾ ਬਾਰੇ ਜਾਣਕਾਰੀ ਲੈਣ ਅਤੇ ਪੀੜਤਾਂ ਦਾ ਹਾਲ ਜਾਣਨ ਲਈ ਆਏ ਸਨ ਪਰ ਉਨ੍ਹਾਂ ਨੇ ਸ਼ਾਮਲ ਹੀ ਨਹੀਂ ਹੋਣ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹਨਾਂ ਦਾ ਮਾਮਲਾ ਉਹ ਕਿਵੇਂ ਉਠਾਉਣ, ਜਦੋਂ ਉਨ੍ਹਾਂ (ਕਮੇਟੀ ਆਗੂਆਂ) ਨੇ ਤਾਂ ਉਸ ਨੂੰ ਆਪਣੇ ਵਿਚ ਸ਼ਾਮਲ ਹੀ ਨਹੀਂ ਹੋਣ ਦਿੱਤਾ।