
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਵੱਡਾ ਬਿਆਨ
Punjab News: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕਟੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਕੇਐਮ ਦੇ ਸਾਥੀਆਂ ਦੀ ਚਿੱਠੀ ਮਿਲੀ ਸੀ, ਪਰ ਇੰਨੀ ਛੇਤੀ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਐਸਕੇਐਮ ਦੇ ਸਾਥੀਆਂ ਨੂੰ ਮੀਟਿੰਗ ਰੱਖਣ ਤੋਂ ਪਹਿਲਾਂ ਸਾਡੇ ਨਾਲ ਫ਼ੋਨ ਤੇ ਰਾਬਤਾ ਕਰਨਾ ਚਾਹੀਦਾ ਸੀ ਤਾਂ ਜੋ ਅਸੀਂ ਦੱਸ ਪਾਉਂਦੇ ਕਿ ਮੀਟਿੰਗ ਵਿਚ ਸ਼ਾਮਲ ਹੋ ਸਕਦੇ ਹਾਂ ਜਾਂ ਨਹੀਂ, ਪਰ ਸਾਥੀਆਂ ਨੇ ਸਾਡੇ ਨਾਲ ਫ਼ੋਨ ਤੇ ਰਾਬਤਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਪਹਿਲੀ ਤਾਂ ਇਹ ਅਪੀਲ ਕਰਦਾ ਸਾਥੀਆਂ ਨੂੰ ਕਿ ਜਦੋਂ ਵੀ ਕੋਈ ਮੀਟਿੰਗ ਕਰਨੀ ਹੈ ਤਾਂ ਸਾਨੂੰ ਫ਼ੋਨ ਕਰੋ, ਕਿਉਂਕਿ ਕੋਈ ਐਮਰਜੈਂਸੀ ਅਗਲੇ ਨੂੰ ਮੂਹਰੇ ਕੰਮ ਹੋਵੇ ਤੇ ਚਰਚਾ ਇਹ ਬਣ ਜਾਵੇ ਕਿ ਆਉਣਗੇ ਜਾਂ ਨਹੀਂ ਆਉਣਗੇ , ਇਹ ਠੀਕ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਦੋ ਫੋਰਮ ਲੜਾਈ ਲੜ ਰਹੇ ਹਾਂ ਅਤੇ ਇੱਕ ਫੋਰਮ (ਐਸਕੇਐਮ) ਸਾਡੇ ਤੋਂ ਵੱਖ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਦੋ ਗੇੜ ਦੀਆਂ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਹਨ, ਅੱਗੇ ਵੀ ਹੁੰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਸਾਡੇ ਆਗੂ ਇਕੱਠੇ ਹੋ ਕੇ ਲੜਨਗੇ, ਪਰ ਪਿਛਲੇ ਕੁੱਝ ਸਮੇਂ ਤੋਂ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਐਮਐਸਪੀ ਦੀ ਮੰਗ, ਕਰਜ਼ੇ ਵਾਲਾ ਮੁੱਦਾ, ਨਰੇਗਾ ਮਜ਼ਦੂਰਾਂ ਦੀ ਮੰਗ, ਸ਼ਹਿਰੀ ਲੋਕਾਂ ਦੀ ਮੰਗ, ਬਿਜਲੀ ਬੋਰਡ ਦੀਆਂ ਮੰਗਾਂ ਵੀ 14 ਫਰਵਰੀ ਦੀ ਮੀਟਿੰਗ ਵਿਚ ਕੇਂਦਰ ਸਰਕਾਰ ਅੱਗੇ ਰੱਖਾਂਗੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕੋਈ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਉਹ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਏਕਤਾ ਦੀ ਹਾਮੀ ਭਰਦੇ ਹਾਂ। ਏਕਤਾ ਤੋਂ ਬਗੈਰ ਨਹੀਂ ਲੜਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਹੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਰਚੇ ਵਿਚ ਆਓ ਤਾਂ ਜੋ 11, 12, 13 ਫਰਵਰੀ ਦੇ ਵੱਡੇ ਇਕੱਠਾਂ ਦਾ ਹਿੱਸਾ ਬਣੋ।