
Jagraon News : ਕੌਮਾਂਤਰੀ ਮੇਲੇ ’ਚ ਖੇਤੀ ਮੰਤਰੀ ਵਲੋਂ ਡੇਅਰੀ ਕਿੱਤੇ ਨੂੰ ਹੋਰ ਪ੍ਰਫ਼ੁਲਤ ਕਰਨ ਦਾ ਐਲਾਨ
Harpreet's cow from Moga sets national record with 82 liters of milk in Jagraon Latest News in Punjabi : ਜਗਰਾਉਂ ’ਚ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ਼.ਏ.) ਦੇ 18ਵੇਂ ਕੌਮਾਂਤਰੀ ਡੇਅਰੀ ਤੇ ਐਗਰੀ ਐਕਸਪੋ ਦੇ ਅੱਜ ਦੂਜੇ ਦਿਨ ਇਕੱਠ ਵਾਲੇ ਵੀ ਰਿਕਾਰਡ ਟੁੱਟ ਗਏ ਅਤੇ ਸੱਭ ਤੋਂ ਵੱਧ ਦੁੱਧ ਦੇਣ ਵਾਲੇ ਵੀ। ਇਸ ਮੇਲੇ ਵਿਚ ਗਾਂ ਨੇ 82 ਲਿਟਰ ਦੁੱਧ ਦਿਤਾ ਜੋ ਅਪਣੇ-ਅਪ ਵਿਚ ਨੈਸ਼ਨਲ ਰਿਕਾਰਡ ਹੈ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਅਗਲੇ ਪੰਜਾਂ ਸਾਲ ਵਿਚ ਦੁੱਧ ਦੀ ਮਾਤਰਾ ਸੌ ਲਿਟਰ ਤਕ ਲਿਜਾਣ ਦਾ ਦਾਅਵਾ ਕੀਤਾ ਹੈ।
ਮੇਲੇ ਦੇ ਦੂਜੇ ਦਿਨ ਅੱਜ ਪੰਜਾਬ ਦੇ ਖੇਤੀਬਾੜੀ ਤੇ ਡੇਅਰੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਦੁੱਧ ਵਿਚ ਮਿਲਾਵਟਖੋਰੀ ਸਮੇਤ ਹੋਰ ਮਸਲਿਆਂ ’ਤੇ ਪੰਜਾਬ ਸਰਕਾਰ ਪੀ.ਡੀ.ਐਫ਼.ਏ. ਦੇ ਨਾਲ ਖੜ੍ਹੀ ਹੈ। ਉਨ੍ਹਾਂ ਡੇਅਰੀ ਕਿੱਤੇ ਨੂੰ ਹੋਰ ਪ੍ਰਫ਼ੁਲਤ ਕਰਨ ਅਤੇ ਮਿਲਾਵਟਖੋਰੀ ਵਿਰੁਧ ਪੀ.ਡੀ.ਐਫ਼.ਏ. ਨਾਲ ਚਰਚਾ ਕਰ ਕੇ ਰਣਨੀਤੀ ਉਲੀਕਣ ਦਾ ਐਲਾਨ ਕੀਤਾ।
ਇਸ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੇ ਹਰਪ੍ਰੀਤ ਸਿੰਘ ਦੀ ਗਾਂ ਨੇ 82 ਲਿਟਰ ਦੁੱਧ ਦਾ ਨੈਸ਼ਨਲ ਰਿਕਾਰਡ ਬਣਾਇਆ। ਪਿਛਲੇ ਪੀ.ਡੀ.ਐਫ਼.ਏ. ਮੇਲੇ ਵਿਚ ਇਹ ਰਿਕਾਰਡ 74 ਲਿਟਰ ਦਾ ਸੀ। ਪਿਛਲੇ ਸਾਲ ਜਰਸੀ ਗਾਂ ਦਾ ਰਿਕਾਰਡ 55 ਲਿਟਰ ਸੀ ਤੇ ਇਸ ਵਾਰ ਵੀ 55 ਲਿਟਰ ਹੈ। ਇਸ ਮੌਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਪੀ.ਡੀ.ਐਫ਼.ਏ. ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕੈਬਨਿਟ ਮੰਤਰੀ ਖੁੱਡੀਆਂ ਦਾ ਸਵਾਗਤ ਕੀਤਾ ਅਤੇ ਡੇਅਰੀ ਮੇਲੇ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਸਰਕਾਰਾਂ ਦੀ ਪਸ਼ੂ ਪਾਲਣ ਕਿੱਤੇ ਸਬੰਧੀ ਬੇਰੁਖ਼ੀ ਦਾ ਗਿਲਾ ਕੀਤਾ ਅਤੇ ਖੇਤੀ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਪਾਸੇ ਵਿਸ਼ੇਸ਼ ਧਿਆਨ ਦੇਵੇ। ਇਸ ਮੌਕੇ ਵਾਈਸ ਚਾਂਸਲਰ ਜੇਪੀਐਸ ਗਿੱਲ, ਆਰਐਸ ਸੋਢੀ, ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਰੇਸ਼ਮ ਸਿੰਘ ਭੁੱਲਰ, ਜਨਰਲ ਸਕੱਤਰ ਬਲਬੀਰ ਸਿੰਘ, ਖਜ਼ਾਨਚੀ ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੋਲੀ, ਗੁਰਬਖ਼ਸ਼ ਸਿੰਘ, ਸੁਖਜਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸਠਿਆਲਾ, ਡਾ. ਜੇਐਸ ਭੱਟੀ, ਕੁਲਦੀਪ ਸਿੰਘ ਸ਼ੇਰੋਂ, ਅਵਤਾਰ ਸਿੰਘ ਥਾਬਲਾਂ, ਸੁਖਰਾਜ ਸਿੰਘ ਗੁੜੇ ਤੇ ਬਲਵੀਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
ਮੇਲੇ ‘’ਚ ਪੀ.ਡੀ.ਐਫ਼.ਏ. ਵਲੋਂ ਇਸ ਸਾਲ ਬੈਸਟ ਡੇਅਰੀ ਫ਼ਾਰਮ ਦਾ ਐਵਾਰਡ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਧਰਮੂ ਦੀ ਹੀਰਾ ਡੇਅਰੀ ਫ਼ਾਰਮ ਦੇ ਹਨੀ ਸਿੰਘ ਨੂੰ ਦਿਤਾ ਗਿਆ।