
ਫਿਰੌਤੀ ਨਾਲ ਜੁੜਿਆ ਮਾਮਲਾ
Ludhiana News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਅਤੇ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਜਿਸਨੂੰ ਲੁਧਿਆਣਾ ਪੁਲਿਸ ਨੇ ਇੱਕ ਕਾਰੋਬਾਰੀ ਤੋਂ ਕਥਿਤ ਤੌਰ ਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਨੂੰ ਅੱਜ ਪੁਲਿਸ ਨੇ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਾਜਾ ਤੋਂ ਇਲਾਵਾ, ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮ ਹਨ। ਇਸ ਦੇ ਨਾਲ ਹੀ ਰਾਜੀਵ ਰਾਜਾ ਦੇ ਭਰਾ ਨੇ ਪੁਲਿਸ 'ਤੇ ਰਾਜਨੀਤਿਕ ਰੰਜਿਸ਼ ਕਾਰਨ ਰਾਜੀਵ ਰਾਜਾ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦਾ ਦੋਸ਼ ਲਗਾਇਆ ਹੈ।
ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਦੂਜੇ ਪਾਸੇ, ਰਾਜੀਵ ਰਾਜਾ ਦੇ ਭਰਾ, ਜੋ ਅਦਾਲਤ ਦੇ ਬਾਹਰ ਮੌਜੂਦ ਸੀ, ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਰਾਜਨੀਤਿਕ ਰੰਜਿਸ਼ ਕਾਰਨ ਰਾਜਾ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਰਾਜਾ ਕਿਸੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸ਼ਮਸ਼ਾਨਘਾਟ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਬਿਆਨ ਜਾਰੀ ਕਰਕੇ ਪੁਲਿਸ ਤੇ ਗੁੰਡਾਗਰਦੀ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਕਿਹਾ ਸੀ ਕਿ ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ ਉਹ ਖੁਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾਣਗੇ।