
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵਿਚ ਅੱਠ ਬਿਲ ਪਾਸ
ਕੁੱਝ ਬਿਲਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਨੇ ਵਿਰੋਧ ਪ੍ਰਗਟਾਇਆ
ਚੰਡੀਗੜ੍ਹ, 9 ਮਾਰਚ (ਸੁਰਜੀਤ ਸਿੰਘ ਸੱਤੀ): ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੌਰਾਨ ਮੰਗਲਵਾਰ ਨੂੰ ਪੰਜਾਬ ਵਿਚ ਮਿਲਾਵਟੀ ਸ਼ਰਾਬ ਨਾਲ ਮੌਤ ਹੋਣ 'ਤੇ ਮੌਤ ਦੀ ਸਜ਼ਾ ਦੀ ਤਜਵੀਜ਼ ਸਬੰਧੀ ਬਿਲ ਸਮੇਤ ਕੁਲ ਅੱਠ ਬਿਲ ਸਰਬ ਸੰਮਤੀ ਨਾਲ ਪਾਸ ਕਰ ਦਿਤੇ ਗਏ | ਹਾਲਾਂਕਿ ਕੁੱਝ ਬਿਲਾਂ 'ਤੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵਿਰੋਧ ਪ੍ਰਗਟਾਇਆ ਅਤੇ ਕੱੁਝ ਸੁਝਾਅ ਵੀ ਪੇਸ਼ ਕੀਤੇ ਗਏ ਪਰ ਮਾਮੂਲੀ ਸ਼ੋਰ ਸ਼ਰਾਬੇ ਵਿਚ ਇਹ ਬਿਲ ਪਾਸ ਕਰ ਦਿਤੇ ਗਏ |
ਅਖ਼ੀਰ ਵਿਚ ਦਿ ਪੰਜਾਬ ਐਜੁਕੇਸ਼ਨ (ਪੋਸਟਿੰਗ ਆਫ਼ ਟੀਚਰਜ਼ ਇਨ ਡਿਸਐਡਵਾਂਟੇਜੀਅਸ ਏਰੀਆ) ਬਿਲ ਦੇ ਵਿਰੋਧ ਵਿਚ ਵਿਰੋਧੀ ਧਿਰ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਵਿਰੋਧ ਪ੍ਰਗਟਾਇਆ | ਇਸੇ ਦੌਰਾਨ ਸਪੀਕਰ ਰਾਣਾ ਕੇਪੀ ਨੇ ਅੱਜ ਦੇ ਸੈਸ਼ਨ ਦੀ ਕਾਰਵਾਈ ਉਠਾ ਦਿਤੀ ਅਤੇ ਹੁਣ ਸਦਨ ਬੁਧਵਾਰ ਸਵੇਰੇ ਦਸ ਵਜੇ ਸ਼ੁਰੂ ਹੋਵੇਗਾ | ਐਜੁਕੇਸ਼ਨ ਬਿਲ 'ਤੇ ਵਿਰੋਧ ਜਤਾਉਂਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੀ ਕੁਰਸੀ ਦੇ ਸਾਹਮਣੇ ਪੁੱਜ ਗਏ ਅਤੇ ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਤੇ ਹੋਰ ਅਕਾਲੀ ਵਿਧਾਇਕ ਵੀ 'ਆਪ' ਵਿਧਾਇਕਾਂ ਨਾਲ ਵਿਰੋਧ ਜਤਾਉਣ ਲੱਗੇ |
ਉਨ੍ਹਾਂ ਐਜੂਕੇਸ਼ਨ ਬਿਲ ਵਿਚ ਨਵੇਂ ਭਰਤੀ ਅਧਿਆਪਕਾਂ ਦਾ ਪਰਖਕਾਲ ਤਿੰਨ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੇ ਜਾਣ ਨੂੰ ਗ਼ਲਤ ਕਰਾਰ ਦਿਤਾ ਤੇ ਕਿਹਾ ਕਿ ਇਹ ਅਧਿਆਪਕਾਂ ਨਾਲ ਧੱਕਾ ਹੈ | ਇਸ ਤੋਂ ਪਹਿਲਾਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੁੰਕੇ ਨੇ ਮੰਗ ਕੀਤੀ ਕਿ ਵਿਧਵਾ ਅਤੇ ਨਵੀਂ ਵਿਆਹੀਆਂ ਮਹਿਲਾ ਅਧਿਆਪਕਾਂ ਦੀ ਪੋਸਟਿੰਗ ਉਨ੍ਹਾਂ ਦੇ ਘਰ ਤੋਂ 10 ਕਿਲੋਮੀਟਰ ਦੇ ਦਾਇਰੇ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ | ਇਸ ਤੋਂ ਪਹਿਲਾਂ ਦਿ ਪੰਜਾਬ ਐਕਸਾਈਜ਼ (ਅਮੈਂਡਮੈਂਟ) ਬਿਲ ਪਾਸ ਕੀਤਾ ਗਿਆ | ਇਸ ਤਹਿਤ ਮੰਤਰੀ ਮੰਡਲ ਸ਼ਰਾਬ ਵਿਚ ਮਿਲਾਵਟ ਕਾਰਨ ਮੌਤ ਹੋਣ 'ਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਦੀ ਤਜਵੀਜ਼ ਬਣਾ ਚੁੱਕਾ ਹੈ ਤੇ
ਇਹ ਬਿਲ ਅੱਜ ਵਿਧਾਨ ਸਭਾ ਵਿਚ ਪਾਸ ਕਰ ਦਿਤਾ ਗਿਆ | ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਨੁਕਤਾ ਚੁਕਿਆ ਕਿ ਵੱਡੀਆਂ ਮੱਛੀਆਂ ਨੂੰ ਫੜਨ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ | ਇਸ ਤੋਂ ਇਲਾਵਾ ਦਿ ਐਮਿਟੀ ਯੂਨੀਵਰਸਿਟੀ ਪੰਜਾਬ ਬਿਲ ਵੀ ਪਾਸ ਕੀਤਾ ਗਿਆ ਪਰ ਇਸ 'ਤੇ ਬਹਿਸ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਸਰਕਾਰੀ ਯੂਨੀਵਰਸਿਟੀਆਂ ਦੀ ਹਾਲਤ ਸੁਧਾਰੀ ਜਾਣੀ ਚਾਹੀਦੀ ਹੈ |
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ ਨੇ ਕਿਹਾ ਕਿ ਨਿਜੀ ਯੂਨੀਵਰਸਿਟੀਆਂ ਲਿਆਉਣਾ ਮਾੜੀ ਗੱਲ ਨਹੀਂ ਪਰ ਇਨ੍ਹਾਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖਣ ਲਈ ਕਮੇਟੀ ਬਣਾਈ ਜਾਣੀ ਚਾਹੀਦੀ ਹੈ | ਸੈਸ਼ਨ ਦੌਰਾਨ ਦਿ ਇੰਡੀਅਨ ਪਾਰਟਨਰਸ਼ਿੱਪ (ਪੰਜਾਬ ਅਮੈਂਡਮੈਂਟ) ਬਿਲ ਵੀ ਪਾਸ ਕੀਤਾ ਗਿਆ | ਇਸ ਦੇ ਤਹਿਤ ਸੇਵਾਵਾਂ ਦੇਣ ਲਈ ਫ਼ੀਸ ਰਿਵਾਈਜ ਕਰਨ ਦੀ ਤਜਵੀਜ਼ ਲਿਆਂਦੀ ਗਈ ਹੈ | ਦਿ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ (ਅਮੈਂਡਮੈਂਟ) ਬਿਲ ਵੀ ਪਾਸ ਕੀਤਾ ਗਿਆ | ਇਸ ਬਿਲ ਰਾਹੀਂ ਨਿਵੇਸ਼ਕਾਂ ਨੂੰ ਆਕ੍ਰਸ਼ਤ ਕਰਨ ਅਤੇ ਉਨ੍ਹਾਂ ਨੂੰ ਨਿਵੇਸ਼ ਲਈ ਕੀਤੀਆਂ ਜਾਣ ਵਾਲੀਆਂ ਕਾਗਜੀ ਕਾਰਵਾਈਆਂ ਸੁਖਾਲੀਆਂ ਬਣਾਉਣ ਦੀ ਤਜਵੀਜ਼ ਲਿਆਂਦੀ ਗਈ ਹੈ | ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿ ਪਰੀਜ਼ਨ (ਪੰਜਾਬ ਅਮੈਂਡਮੈਂਟ) ਬਿਲ ਪੇਸ਼ ਕੀਤਾ | ਇਸ 'ਤੇ ਚਰਚਾ ਕਰਦਿਆਂ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੁੰਕੇ ਨੇ ਕਿਹਾ ਕਿ ਜੇਲਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ, ਲਿਹਾਜਾ ਕੈਦੀਆਂ ਨੂੰ ਬਾਹਰ ਆਉਣ 'ਤੇ ਸਮਾਜ ਵਿਚ ਚੰਗੇ ਨਾਗਰਿਕ ਵਜੋਂ ਵਰਤਾਰਾ ਕਰਨ ਦੀ ਕੌਂਸਲਿੰਗ ਲਈ ਉਪਰਾਲੇ ਕਰਨ ਦੀ ਹੋਰ ਲੋੜ ਹੈ |
ਇਸ ਤੋਂ ਇਲਾਵਾ ਦਿ ਪੰਜਾਬ ਫਿਸਕਲ ਰਿਸਪੌਂਸੀਬਲਿਟੀ ਐਂਡ ਬਜਟ ਮੈਨੇਜਮੈਂਟ (ਅਮੈਂਡਮੈਂਟ) ਬਿਲ ਵੀ ਸੈਸ਼ਨ ਦੌਰਾਨ ਪਾਸ ਕੀਤਾ ਗਿਆ | ਇਸ ਦੌਰਾਨ ਬੋਲਦਿਆਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਿਲਾਂ 'ਤੇ ਗੌਰ ਕਰਨ ਲਈ ਘੱਟ ਸਮਾਂ ਦਿਤਾ ਜਾਂਦਾ ਹੈ, ਲਿਹਾਜਾ ਇਹ ਬਿਲ 15 ਦਿਨ ਪਹਿਲਾਂ ਦਿਤੇ ਜਾਣੇ ਚਾਹੀਦੇ ਹਨ | ਇਸੇ ਤਰ੍ਹਾਂ ਦਿ ਪੰਜਾਬ ਕੋਆਪਰੇਟਿਵ ਸੋਸਾਈਟੀਜ਼ (ਅਮੈਂਡਮੈਂਟ) ਬਿਲ ਵੀ ਪਾਸ ਕੀਤਾ ਗਿਆ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਲਾਂਕਿ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਅਤੇ imageਵਿਨਿਯਮ) ਸੋਧ ਬਿਲ ਭਲਕੇ ਪੇਸ਼ ਕਰਨ ਦੀ ਇਜਾਜ਼ਤ ਲਈ | ਕੁਲ ਮਿਲਾ ਕੇ ਥੋੜੇ ਬਹੁਤ ਸ਼ੋਰ ਸ਼ਰਾਬੇ ਵਿਚ ਉਕਤ ਸਾਰੇ ਬਿਲ ਅੱਜ ਦੀ ਕਾਰਵਾਈ ਦੌਰਾਨ ਸਦਨ ਵਲੋਂ ਪਾਸ ਕਰ ਦਿਤੇ ਗਏ |