
ਬਜਟ 'ਤੇ ਬਹਿਸ ਦੌਰਾਨ ਅਪਣੇ 'ਸ਼ਬਦਜਾਲ' 'ਚ ਫਸੇ ਮਜੀਠੀਆ
ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸੀਆਂ ਨੇ ਬਾਦਲਾਂ ਤੇ ਹੋਰ ਅਕਾਲੀ ਆਗੂਆਂ ਦੀਆਂ ਜਾਇਦਾਦਾਂ 'ਤੇ ਘੇਰਿਆ
ਚੰਡੀਗੜ੍ਹ, 9 ਮਾਰਚ (ਸੁਰਜੀਤ ਸਿੰਘ ਸੱਤੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਬਿਕਰਮ ਸਿੰਘ ਮਜੀਠੀਆ ਪੰਜਾਬ ਵਿਧਾਨ ਸਭਾ ਵਿਚ ਬਜਟ 'ਤੇ ਬਹਿਸ ਦੌਰਾਨ ਅਪਣੇ ਹੀ 'ਸ਼ਬਦਜਾਲ' ਵਿਚ ਫਸ ਗਏ | ਉਚੇਰੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਕਾਂਗਰਸੀ ਵਿਧਾਇਕਾਂ ਨੇ ਮਜੀਠੀਆ ਨੂੰ ਜਾਇਦਾਦਾਂ ਤੇ ਬਸਾਂ ਦੇ ਮਾਮਲੇੇ 'ਚ ਬੁਰੀ ਤਰ੍ਹਾਂ ਘੇਰ ਲਿਆ |
ਬਜਟ 'ਤੇ ਬਹਿਸ ਕਰਦਿਆਂ ਮਜੀਠੀਆ ਨੇ 'ਪੁੱਛੋ ਵੀ' ਸਿਰਲੇਖ ਹੇਠ ਕਵਿਤਾ ਮਈ ਅੰਦਾਜ਼ ਵਿਚ ਸਰਕਾਰ ਤੋਂ ਪੁਛਿਆ ਕਿ ਬਜਟ 'ਚ ਕਿਸ ਚੀਜ਼ ਦੀ ਕੀਮਤ ਘਟਾਈ, ਕਿਹਾ ਕਿ ਲੋਕਾਂ ਦੇ ਨਾਂ 'ਤੇ ਲਿਆ ਕਰਜ਼ਾ ਕਿਥੇ ਜਾ ਰਿਹਾ ਹੈ? ਕਿਹਾ ਕਿ ਲੋਕ ਪੁਛਦੇ ਹਨ ਕਿ ਸਰਕਾਰ ਅਪਣੇ ਸੂਟਾਂ ਵਲ ਵੇਖੀ ਜਾ ਰਹੀ ਹੈ ਪਰ ਕਿਸੇ ਗ਼ਰੀਬ ਦੀ ਪੁੱਛ ਨਹੀਂ ਕਿ ਉਸ ਦੇ ਕਪੜੇ ਕਿਉਂ ਫਟੇ ਹੋਏ ਹਨ | ਉਹ ਉਸ ਵੇਲੇ ਘਿਰ ਗਏ ਜਦੋਂ ਉਨ੍ਹਾਂ ਕਿਹਾ ਕਿ 'ਸਾਈਕਲ ਵਾਲੇ ਵਾਰਸ ਬਣ ਗਏ ਪਜੇਰੋ ਦੇ, ਇੰਨਾ ਪੈਸਾ ਕਿਥੋਂ ਆਇਆ ਪੁੱਛੋ ਵੀ' |
ਇਸ 'ਤੇ ਸੱਤਾਧਿਰ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿਤਾ ਤੇ ਸੱਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਬਾਦਲ ਪ੍ਰਵਾਰ ਦਾ ਨਾਂ ਲਏ ਬਗ਼ੈਰ ਪੁਛਿਆ ਕਿ ਅੱਜ ਸਮੁੱਚਾ ਪੰਜਾਬ ਪੁਛ ਰਿਹਾ ਹੈ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿਥੋਂ ਆਇਆ, ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾਂ ਮਜੀਠੀਆ ਇਹ ਦਸਣ ਕਿ 1100 ਬਸਾਂ ਕਿਥੋਂ ਆਈਆਂ?
ਇਸ ਨਾਲ ਹੀ ਨਵਜੋਤ ਸਿੰਘ ਸਿੱਧੂ ਖੜੇ ਹੋ ਗਏ ਤੇ ਉਨ੍ਹਾਂ ਸਿੱਧੇ ਤੌਰ 'ਤੇ ਪੁਛਿਆ,''ਟੁੱਟੀ ਕੁਆਲਿਸ ਗੱਡੀ ਤੋਂ ਛੇ ਰੇਂਜ ਰੋਵਰ ਬੇਸ਼ਕੀਮਤੀ ਗੱਡੀਆਂ ਕਿਥੋਂ ਆਈਆਂ? ਡੱਬਵਾਲੀ ਕੰਪਨੀ ਕੋਲ 1600 ਬਸਾਂ ਕਿਵੇਂ ਬਣੀਆਂ, ਅਮਰੀਕਾ ਵਿਚ ਪਾਰਕਿੰਗ ਲੌਟ ਕਿਥੋਂ ਆਇਆ | ਉਨ੍ਹਾਂ ਸੁਆਲ ਕੀਤਾ ਕਿ ਲੋਕਾਂ ਦੇ ਦੁਖਾਂ 'ਤੇ ਬਣਾਇਆ ਸੁਖ ਵਿਲਾਸ ਕਿਵੇਂ ਬਣਿਆ? ਸਿੱਧੂ ਤੋਂ ਇਲਾਵਾ ਹੋਰ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਮਜੀਠੀਆ ਸਰਕਾਰ ਤੋਂ ਗ਼ਲਤ ਸਵਾਲ ਕਰ ਰਹੇ ਹਨ, ਅਸਲ ਵਿਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਇਹੋ ਸਵਾਲ ਕਰ ਰਹੇ ਹਨ ਕਿ ਇੰਨਾ ਕੁੱਝ ਕਿਵੇਂ ਬਣਾਇਆ?
ਕਾਂਗਰਸੀ ਵਿਧਾਇਕਾਂ ਵਲੋਂ ਸ਼ੋਰ ਸ਼ਰਾਬੇ ਉਪਰੰਤ ਮਜੀਠੀਆ ਨੇ ਅਪਣਾ ਭਾਸ਼ਣ ਖ਼ਤਮ ਕਰ ਦਿਤਾ | ਇਸ ਤੋਂ ਪਹਿਲਾਂ ਮਜੀਠੀਆ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਜਦੋਂ ਵੀ ਬਜਟ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕੇਂਦਰ ਤੋਂ ਜੀਐਸਟੀ ਰਿਫ਼ੰਡ ਤੇ ਹੋਰ ਵਿੱਤੀ ਮਦਦ ਦਾ ਹਵਾਲਾ ਦੇ ਕੇ ਪੱਲਾ ਝਾੜਦੀ ਹੈ | ਇਸੇ 'ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਹੁਣ ਉਂਗਲ ਵਢਾ ਕੇ ਸ਼ਹੀਦ ਹੋਣ ਦਾ ਨਾਟਕ ਕਰ ਰਿਹਾ ਹੈ | ਇਸ ਤੋਂ ਪਹਿਲਾਂ ਤਿੰਨੇ ਖੇਤੀ ਬਿਲ ਤੇ ਹੋਰ ਕਾਰਗੁਜ਼ਾਰੀਆਂ ਵਿਚ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਨਾਲ ਰਿਹਾ ਤੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ ਪਰ ਜਦੋਂ ਪੰਜਾਬ ਦੇ ਲੋਕਾਂ ਨੇ ਦਬਾਅ ਬਣਾਇਆ ਤਾਂ ਹੁਣ ਹਰਸਿਮਰਤ ਕੌਰ ਬਾਦਲ ਨੂੰ ਮਜਬੂਰੀ ਵਿਚ ਅਸਤੀਫ਼ਾ ਦੇ ਕੇ ਐਨimageਡੀਏ ਦਾ ਸਾਥ ਛੱਡਣਾ ਪਿਆ |