
ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਮਹਿੰਗਾਈ ਤੇ ਕੈਪਟਨ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜੰਮ ਕੇ ਘੇਰਿਆ।
ਚੰਡੀਗੜ੍ਹ- ਪੰਜਾਬ ਦੇ ਵਿਧਾਨ ਸਭਾ ਬਜਟ ਇਜਲਾਸ ਦਾ ਅੱਜ ਆਖ਼ਰੀ ਦਿਨ ਹੈ। ਅੱਜ ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਦੌਰਾਨ ਵਿਧਾਨ ਸਭਾ ਵਿਚ ਪੰਜਾਬ ਐਂਟੀ ਰੈੱਡ ਟੇਪ ਬਿੱਲ-2021 ਸਣੇ 11 ਬਿੱਲ ਪਾਸ ਹੋ ਗਏ। ਦੱਸ ਦੇਈਏ ਕਿ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ। ਕੈਪਟਨ ਸਰਕਾਰ ਨੇ 8 ਮਾਰਚ ਨੂੰ ਆਪਣਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਕਿਸਾਨਾਂ ਮਹਿਲਾਵਾਂ ਅਤੇ ਵਿਦਿਆਰਥੀਆਂ ਸਣੇ ਅਨਸੂਚਿਤ ਜਾਤੀ ਭਾਈਚਾਰੇ ਲਈ ਵੱਡੇ ਐਲਾਨ ਕੀਤੇ ਗਏ। ਬਜਟ ਇਜਲਾਸ ਦੇ ਆਖ਼ਿਰੀ ਦਿਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕੈਪਟਨ ਸਰਕਾਰ ਖਿਲਾਫ਼ ਮੁਜਾਹਰਾ ਕੀਤਾ ਜਾ ਰਿਹਾ ਹੈ।
budget
ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਮਹਿੰਗਾਈ ਤੇ ਕੈਪਟਨ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜੰਮ ਕੇ ਘੇਰਿਆ।
protest
ਦੂਜੇ ਪਾਸੇ ਮਹਿਲਾ ਦਿਵਸ ਮੌਕੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮਾਮਲਾ ਚੁੱਕਦੇ ਹੋਏ ਮਜੀਠੀਆ ਦੀ ਅਗਵਾਈ 'ਚ ਅਕਾਲੀ ਵਿਧਾਇਕਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਹੁਣ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦੇ ਮੁੱਦੇ 'ਤੇ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕਆਊਟ ਕੀਤਾ ਗਿਆ ਹੈ। ਇਸ ਦੌਰਾਨ ਅਕਾਲੀ ਦਲ ਨੇ ਆਂਗਣਵਾੜੀ ਵਰਕਰਾਂ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਵਰਕਰ ਅਤੇ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਅਤੇ ਦਰਜ ਕੀਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ।
BIKRAM SINGH MAJITHIA
ਇਸ ਵਿਚਕਾਰ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਜਟ 'ਤੇ ਭਾਸ਼ਣ ਦੌਰਾਨ ਰੌਲੇ ਰੱਪੇ ਮਗਰੋਂ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਗਿਆ। ਸਦਨ ਵਿਚੋਂ ਬਾਹਰ ਆ ਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
Manpreet Singh Badal
ਦੂਜੇ ਪਾਸੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਨੇ ਹਲਕਾ ਬੁਢਲਾਡਾ ਵਿਚ ਮੀਟਰਾਂ ਦੇ ਨਵੇਂ ਬਕਸਿਆਂ ਨੂੰ ਲੈ ਕੇ ਸਵਾਲ ਕੀਤਾ, ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ 15 ਦਿਨਾਂ ਵਿਚ ਠੀਕ ਕਰ ਦਿੱਤਾ ਜਾਵੇਗਾ।