
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਸੁਖਪਾਲ ਖਹਿਰਾ ਦੇ ਘਰ ਛਾਪੇਮਾਰੀ ਦੀ ਕੀਤੀ ਨਿਖੇਧੀ
ਮੋਦੀ ਵਰਗਾ ਗ਼ੈਰ-ਲੋਕਤੰਤਰੀ ਨੇਤਾ ਮੈ ਅਪਣੇ ਸਿਆਸੀ ਜੀਵਨ ਵਿਚ ਨਹੀਂ ਵੇਖਿਆ : ਜਥੇਦਾਰ ਬ੍ਰਹਮਪੁਰਾ
ਐਸ.ਏ.ਐਸ ਨਗਰ, 9 ਮਾਰਚ (ਸੁਖਦੀਪ ਸਿੰਘ ਸੋਈ): ਸੁਖਪਾਲ ਸਿੰਘ ਖਹਿਰਾ ਦੇ ਘਰ ਈ ਡੀ ਵਲੋਂ ਛਾਪੇਮਾਰੀ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਸੀਨੀਅਰ ਲੀਡਰਸ਼ਿਪ ਨੇ ਸਖ਼ਤ ਸ਼ਬਦਾਂ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਮਹਿੰਦਰ ਸਿੰਘ ਹੁਸੈਨਪੁਰਾ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਨੰਗਲ ਤੇ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਮੋਦੀ ਹਕੂਮਤ ਕਿਸਾਨੀ ਘੋਲ ਨੂੰ ਦਬਾਉਣ ਲਈ ਲਗਾਤਾਰ ਕੋਝੀਆਂ ਚਾਲਾਂ ਚਲ ਰਹੀ ਹੈ। ਇਸੇ ਤਹਿਤ ਹੀ ਸੁਖਪਾਲ ਸਿੰਘ ਖਹਿਰਾ ਦੇ ਘਰ ਛਾਪੇਮਾਰੀ ਕਰਵਾਈ ਗਈ ਹੈ।
ਜਥੇਦਾਰ ਬ੍ਰਹਮਪੁਰਾ ਦਸਿਆ,‘‘ਮੈਂ ਅਪਣੇ ਸਿਆਸੀ ਜੀਵਨ ਵਿਚ ਮੋਦੀ ਵਰਗਾ ਗ਼ੈਰ-ਲੋਕਤੰਤਰੀ ਨੇਤਾ ਨਹੀਂ ਵੇਖਿਆ ਜੋ ਲੋਕਤੰਤਰ ਦੇ ਬੁਰਕੇ ਵਿਚ ਤਾਨਾਸ਼ਾਹ ਹੈ।’’ ਉਕਤ ਆਗੂਆਂ ਨੇ ਦਸਿਆ ਕਿ ਕਿਸਾਨੀ ਘੋਲ ਜਨ ਅੰਦੋਲਨ ਬਣ ਗਿਆ ਹੈ ਪਹਿਲਾਂ ਵੀ ਕਈ ਵਾਰ ਸਰਕਾਰੀ ਏਜੰਸੀਆਂ, ਸ਼ਰਾਰਤੀ ਤਾਕਤਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਪਰ ਕਿਸਾਨੀ ਘੋਲ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ ਹੈ। ਆਗੂਆਂ ਨੇ ਕਿਹਾ ਕਿ ਜਦੋਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਹੋ ਜਾਵੇ ਤੇ ਇਵੇਂ ਦੇ ਘੋਲ ਹੀ ਲੋਕਤੰਤਰ ਨੂੰ ਬਹਾਲ ਕਰਵਾਉਂਦੇ ਹਨ ਤੇ ਨਰਿੰਦਰ ਮੋਦੀ ਦਾ ਰਵਈਆਂ ਤਾਂ ਪਹਿਲਾਂ ਹੀ ਤਾਨਾਸ਼ਾਹ ਦਾ ਹੈ ਜਿਸ ਨੂੰ ਕਿਸਾਨ,ਦੇਸ਼ ਵਾਸੀ ਕਦੇ ਵੀ ਮਨਜ਼ੂਰ ਨਹੀ ਕਰਨਗੇ। ਉਕਤ ਆਗੂਆਂ ਨੇ ਦਸਿਆ ਕਿ ਮੋਦੀ ਅਪਣੀ ਘਟੀਆ ਰਾਜਨੀਤੀ ਕਰਨ ਦੀ ਥਾਂ ਕਾਲੇ ਖੇਤੀ ਨੂੰ ਕਾਨੂੰਨਾਂ ਨੂੰ ਰੱਦ ਕਰੇ।