
‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨਵੀਂ ਵਿਆਹੁਤਾ ਜੋੜੀ ਨੂੰ ਦਾਜ ਵਜੋਂ ਦਿਤਾ
ਲੁਧਿਆਣਾ, 9 ਮਾਰਚ (ਅਮਰਜੀਤ ਸਿੰਘ ਕਲਸੀ): ਸਮਾਜ ਅੰਦਰ ਵਾਹ-ਵਾਹ ਖੱਟਣ ਲਈ ਵੱਧ ਤੋਂ ਵੱਧ ਵਿਆਹ ਸ਼ਾਦੀਆਂ ’ਤੇ ਖ਼ਰਚੇ ਕਰਦੇ ਆਮ ਦੇਖਿਆ ਤੇ ਸੁਣਿਆ ਜਾਂਦਾ ਹੈ ਕਿ ਲਾੜਾ ਡੋਲੀ ਨੂੰ ਹੈਲੀਕਾਪਟਰ ’ਤੇ ਲੈਣ ਲਈ ਆ ਰਿਹਾ ਹੈ ਅਤੇ ਇਸ ਮਹਿੰਗਾਈ ਦੇ ਸਮੇਂ ਬਰਾਤੀਆਂ ਦੀ ਲੜਕੀ ਵਾਲਿਆਂ ਵਲੋਂ ਅਪਣੀ ਹੈਸੀਅਤ ਤੋਂ ਵੱਧ ਕੇ ਸੇਵਾ ਕੀਤੀ ਜਾਂਦੀ ਹੈ।
ਕੁੱਝ ਦਿਨ ਪਹਿਲਾਂ ਬਾਬਾ ਦੀਪ ਸਿੰਘ ਨਗਰ ਗਿੱਲ ਰੋਡ ਵਿਖੇ ਸੰਦੀਪ ਕੌਰ ਦਾ ਅਨੰਦ ਕਾਰਜ ਰਾਜਿੰਦਰ ਸਿੰਘ ਬਿਲਾਸਪੁਰ ਨਾਲ ਗੁਰਮਤਿ ਮਰਿਆਦਾ ਨਾਲ ਹੋਇਆ। ਅਨੰਦ ਕਾਰਜ ਤੋਂ ਬਾਅਦ ਇਹ ਵਿਆਹ ਯਾਦਗਰ ਪਲ ਬਣ ਗਿਆ ਜਦੋਂ ਲੜਕੀ ਦੇ ਭਰਾ ਕੁਲਦੀਪ ਸਿੰਘ ਨੇ ਅਪਣੀ ਭੈਣ ਨੂੰ ਦਾਜ ਦੀ ਥਾਂ ਪ੍ਰੋ. ਸਾਹਿਬ ਸਿੰਘ ਦੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦਿਤਾ। ਇਸ ਸਮੇਂ ਕੁਲਦੀਪ ਸਿੰਘ ਨੇ ਦਸਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਦਾ ਪ੍ਰਵਾਰ ਹਰ ਰੋਜ਼ ਸੰਧਿਆ ਦੇ ਸਮੇਂ ਬੈਠ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਾਹਿਜ ਪਾਠ ਕਰਦੇ ਹਨ ਤਾਕਿ ਉਨ੍ਹਾਂ ਦੀ ਭੈਣ ਸੁਹਰੇ ਘਰ ਜਾ ਕੇ ਵੀ ਇਸ ਪ੍ਰੰਮਪਰਾ ਨੂੰ ਜਾਰੀ ਰੱਖਦੀ ਹੋਈ ਸਹਿਜ ਪਾਠ ਕਰੇਗੀ ਅਤੇ ਅਪਣਾ ਅਤੇ ਅਪਣੇ ਪ੍ਰਵਾਰ ਦਾ ਜੀਵਨ ਗੁਰੂ ਦੀਆਂ ਬਖਸ਼ਿਸ਼ਾਂ ਰਾਹੀਂ ਸਮੁੱਚੇ ਢੰਗ ਨਾਲ ਜਿਊਣ ਦਾ ਬਾਕੀਆਂ ਲਈ ਮਾਰਗ ਬਣੇਗੀ।