
ਔਰਤਾਂ ਨੇ ਵ੍ਹਾਈਟ ਹਾਊਸ ਸਾਹਮਣੇ ਭਾਰਤੀ ਕਿਸਾਨਾਂ ਦੀ ਹਮਾਇਤ ’ਚ ਕੀਤਾ ਪ੍ਰਦਰਸ਼ਨ
ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਅਦਾਰਿਆਂ ਨੂੰ ਦੇ ਰਹੀ ਹੈ : ਦਵਿੰਦਰ ਕੌਰ
ਵਾਸ਼ਿੰਗਟਨ ਡੀ ਸੀ, 9 ਮਾਰਚ (ਸੁਰਿੰਦਰ ਗਿੱਲ): ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਅਮਰੀਕਾ ਵਿਚ ਭਾਰਤੀ ਮੂਲ ਦੀਆਂ ਔਰਤਾਂ ਨੇ ਵ੍ਹਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਮੋਦੀ ਸਰਕਾਰ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਕਿਸਾਨਾਂ ਵਿਰੁਧ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਲੜੀ ਵਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਵਿੰਦਰ ਕੌਰ ਗੁਰਾਇਆ ਨੇ ਕੀਤੀ। ਉਨ੍ਹਾਂ ਮੀਡੀਆ ਨੂੰ ਮੁਖ਼ਾਤਬ ਹੁੰਦੇ ਦਸਿਆ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਕਾਰਪੋਰੇਟ ਅਦਾਰਿਆਂ ਨੂੰ ਦੇ ਰਹੀ ਹੈ। ਫ਼ਸਲਾਂ ਦਾ ਘੱਟੋ ਘੱਟ ਮੁਲ ਨਾ ਦੇ ਕੇ ਕਿਸਾਨਾਂ ਨੂੰ ਆਰਥਕ ਮੰਦੀ ਵੱਲ ਧੱਕ ਰਹੀ ਹੈ।
ਕਿਸਾਨ ਪਿਛਲੇ 100 ਦਿਨਾਂ ਤੋਂ ਦਿੱਲੀ ਬਾਰਡਰ ਤੇ ਲੱਖਾਂ ਦੀ ਤਦਾਦ ਵਿਚ ਲਗਾਤਾਰ ਤਿੰਨ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਕਰਵਾਉਣ ਲਈ ਸ਼ਾਂਤੀ ਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ ਦੇ ਕਿਸਾਨ ਹਮਾਇਤੀ ਭਾਈਚਾਰੇ ਨੇ ਪੰਜ ਪ੍ਰਦਰਸ਼ਨ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ ਸੀ ਕਰਨ ਉਪਰੰਤ ਹੁਣ ਵ੍ਹਾਈਟ ਹਾਊਸ ਸਾਹਮਣੇ ਇਸ ਨੂੰ ਲੜੀਵਾਰ ਸ਼ੁਰੂ ਕਰ ਦਿਤਾ ਹੈ। ਅਮਰੀਕਾ ਦੇ ਭਾਰਤੀ ਵੀ ਕਿਸਾਨਾਂ ਦੀ ਹਮਾਇਤ ਵਿਚ ਵੀ ਨਿਤਰ ਪਏ ਹਨ ਜਿਸ ਦੀ ਸ਼ੁਰੂਆਤ ਔਰਤਾ ਨੇ ਕੀਤੀ ਹੈ। ਅੱਜ ਦੇ ਅੰਦੋਲਨ ਵਿਚ ਦਵਿੰਦਰ ਕੌਰ ਗੁਰਾਇਆ ਤੋਂ ਇਲਾਵਾ ਰੁਪਿੰਦਰ ਕੌਰ ਬੋਪਾਰਾਏ, ਸਵਿੰਦਰ ਕੌਰ ਚਾਨਾ, ਕੁਲਵੰਤ ਕੌਰ ਤੇ ਸੁਖਵਿੰਦਰ ਕੌਰ ਨੇ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਹੋ ਕੇ ਕਿਸਾਨਾਂ ਦੀ ਹਮਾਇਤ ਵਿਚ ਅੰਦੋਲਨ ਦੀ ਆਰੰਭਤਾ ਕੀਤੀ। ਔਰਤਾਂ ਦੇ ਇਸ ਕਿਸਾਨ ਪੱਖੀ ਅੰਦੋਲਨ ਦੀ ਹਮਾਇਤ ਵਿਚ ਕੁੱਝ ਪ੍ਰਮੱੁਖ ਸਿੱਖ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ। ਜਿਨ੍ਹਾਂ ਵਿਚ ਬਖ਼ਸ਼ੀਸ਼ ਸਿੰਘ, ਅਮਰੀਕ ਸਿੰਘ, ਹਰਜੀਤ ਸਿੰਘ ਹੁੰਦਲ, ਮਹਿਤਾਬ ਸਿੰਘ,ਅਵਤਾਰ ਸਿੰਘ, ਅਮਰਜੀਤ ਸਿੰਘ ਗਰੇਵਾਲ ਉਚੇਚੇ ਤੌਰ ’ਤੇ ਔਰਤਾਂ ਦੀ ਹਮਾਇਤ ਵਿਚ ਅੱਗੇ ਆਏ।