
ਚੋਣ ਨਤੀਜਿਆਂ ਤੋਂ 24 ਘੰਟੇ ਪਹਿਲਾਂ ਹੀ ਪੰਜਾਬ 'ਚ ਵੱਡੀ ਸਿਆਸੀ ਹਿਲਜੁਲ ਹੋਈ
ਚੋਣ ਸਰਵੇਖਣਾਂ 'ਤੇ ਘਮਾਸਾਣ ਦੇ ਚਲਦੇ ਹੀ ਕਿਸੇ ਨੂੰ ਬਹੁਮਤ ਨਾ ਮਿਲਣ ਦੇ ਦਾਅਵਿਆਂ ਬਾਅਦ ਜੋੜ ਤੋੜ ਦੇ ਯਤਨ ਸ਼ੁਰੂ
ਚੰਡੀਗੜ੍ਹ, 9 ਮਾਰਚ (ਗੁਰਉਪਦੇਸ਼ ਭੁੱਲਰ): ਵੱਖ ਵੱਖ ਚੈਨਲਾਂ ਦੇ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿਖਾਏ ਜਾਣ ਬਾਅਦ ਸਿਆਸੀ ਪਾਰਟੀਆਂ ਵਿਚ ਛਿੜੇ ਘਮਾਸਾਨ ਦੌਰਾਨ ਹੀ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਦੇ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਕੀਤੇ ਦਾਅਵਿਆਂ ਬਾਅਦ ਸੂਬੇ ਵਿਚ ਸਿਆਸੀ ਹਲਚਲ ਚੋਣ ਨਤੀਜੇ ਆਉਣ ਤੋਂ 24 ਘੰਟੇ ਪਹਿਲਾਂ ਇਕਦਮ ਵੱਧ ਗਈ ਹੈ | ਇਨ੍ਹਾਂ ਪਾਰਟੀਆਂ ਨੇ ਚੋਣ ਸਰਵੇਖਣਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕੀਤਾ ਹੈ | ਭਾਵੇਂ 'ਆਪ' ਦੇ ਪ੍ਰਧਾਨ ਭਗਵੰਤ ਮਾਨ ਤੇ ਹੋਰ ਪ੍ਰਮੁੱਖ ਆਗੂ ਸਪੱਸ਼ਟ ਬਹੁਮਤ ਮਿਲਣ ਦਾ ਦਾਅਵਾ ਕਰਦਿਆਂ ਸਰਕਾਰ
ਬਣਾਉਣ ਦੀ ਗੱਲ ਕਰ ਰਹੇ ਹਨ ਪਰ ਅੰਦਰੋਂ ਇਨ੍ਹਾਂ ਆਗੂਆਂ ਨੂੰ ਚਿੰਤਾ ਵੀ ਪੈ ਗਈ ਹੈ ਕਿ ਜੇ ਬਹੁਮਤ ਤੋਂ ਕੁੱਝ ਸੀਟਾਂ ਵੀ ਘੱਟ ਰਹਿ ਗਈਆਂ ਤਾਂ ਭਾਜਪਾ ਕੋਈ ਵੀ ਖੇਡ ਖੇਡ ਸਕਦੀ ਹੈ | ਇਸੇ ਤਰ੍ਹਾਂ ਕਾਂਗਰਸ ਦੀ ਚਿੰਤਾ ਵੀ ਵੱਧ ਚੁੱਕੀ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਤੋੜਨ ਲਈ ਭਾਜਪਾ ਪੂਰਾ ਜ਼ੋਰ ਲਾਏਗੀ | ਦੋਹਾਂ ਪਾਰਟੀਆਂ ਨੇ ਅਪਣੇ ਜਿੱਤਣ ਵਾਲੇ ਵਿਧਾਇਕਾਂ ਨੂੰ ਸੰਭਾਲਣ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਦਿਤਾ ਹੈ | ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਜੋੜ ਤੋੜ ਦੀ ਸਥਿਤੀ ਤੋਂ ਬਚਾਉਣ ਲਈ ਨਿਯੁਕਤ ਨਿਗਰਾਨ ਅਜੇ ਮਾਕਨ ਵੀ ਅੱਜ ਬਾਅਦ ਦੁਪਹਿਰ ਚੰਡੀਗੜ੍ਹ, ਪਹੁੰਚ ਚੁੱਕੇ ਹਨ ਜਦਕਿ ਇਕ ਹੋਰ ਨਿਗਰਾਨ ਪਵਨ ਖੇੜਾ ਪਹਿਲਾਂ ਹੀ ਇਥੇ ਮੌਜੂਦ ਸਨ | ਉਧਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ 10 ਮਾਰਚ ਨੂੰ ਕਾਂਗਰਸ ਦੇ ਜੇਤੂ ਵਿਧਾਇਕਾਂ ਦੀ ਚੰਡੀਗੜ੍ਹ ਵਿਚ ਹੀ ਸ਼ਾਮ 5 ਵਜੇ ਤੁਰਤ ਪੰਜਾਬ ਕਾਂਗਰਸ ਭਵਨ ਵਿਚ ਮੀਟਿੰਗ ਸੱਦ ਲਈ ਹੈ |