
ਯੂਕਰੇਨ ਦੇ ਵਿਦਿਆਰਥੀਆਂ ਦੀ ਸਾਰ ਲਵੇ ਸਰਕਾਰ : ਬਿ੍ਗੇਡੀਅਰ ਕਾਹਲੋਂ
ਚੰਡੀਗੜ੍ਹ, 9 ਮਾਰਚ (ਸਸਸ): ਰੂਸ-ਯੂਕਰੇਨ ਯੁੱਧ ਭਿਆਨਕ ਰੁਖ ਅਖ਼ਤਿਆਰ ਕਰਦਾ ਜਾ ਰਿਹਾ ਹੈ ਜਿਸ ਭੇਦਭਾਵ ਤੇ ਨਫ਼ਰਤ ਭਰੇ ਵਤੀਰੇ ਨਾਲ ਯੂਕਰੇਨ ਵਿਚ ਅਜੇ ਵੀ ਫਸੇ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਇਆ ਹੋਇਆ ਹੈ ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਤੇ ਇਨਸਾਨੀਅਤ ਦੇ ਨਾਂ 'ਤੇ ਕਲੰਕ ਹੈ | ਇਸ ਕਿਸਮ ਦਾ ਦੂਰ ਵਿਹਾਰ ਤਾਂ ਸਾਨੂੰ ਜੰਗ ਦੌਰਾਨ ਵੀ ਵੇਖਣ ਨੂੰ ਨਹੀਂ ਮਿਲਿਆ | ਫਿਰ ਜਨੇਵਾ ਕਨਵੈਨਸ਼ਨ ਦਾ ਅਰਥ ਕੀ ਰਹਿ ਗਿਆ? ਇਹ ਵਿਚਾਰ ਸਰਬ ਹਿੰਦ ਫ਼ੌਜੀ ਭਾਈਚਾਰੇ ਦੇ ਐਨ.ਜੀ.ਓ. ਦੇ ਪ੍ਰਧਾਨ ਬਿ੍ਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਡੇਰਾ ਬਾਬਾ ਨਾਨਕ ਪਰਤੇ ਪੱਤਰਕਾਰਾਂ ਨਾਲ ਸਾਂਝੇ ਕੀਤੇ |
ਰਖਿਆ ਮਾਹਰ ਤੇ ਉਘੇ ਕਲਮ ਨਵੀਸ ਬਿ੍ਗੇਡੀਅਰ ਕਾਹਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਯੂਕਰੇਨ ਵਲੋਂ ਵਿਦਿਆਰਥੀਆਂ ਉਪਰ ਢਾਹੇ ਜਾ ਰਹੇ ਜ਼ੁਲਮਾਂ ਬਾਰੇ ਤੁਰਤ ਇਹ ਮੱੁਦਾ ਸੁਰੱਖਿਆ ਕੌਂਸਲ ਵਿਚ ਉਠਾਇਆ ਜਾਵੇ | ਪ੍ਰਮਾਣੂ ਯੁੱਧ ਵਲ ਨੂੰ ਰੁਖ ਅਖ਼ਤਿਆਰ ਕਰਨ ਵਾਲੀਆਂ ਧਮਕੀਆਂ ਨੂੰ ਠੱਲ੍ਹ ਪਾਉਣ ਤੇ ਸ਼ਾਂਤੀ ਬਹਾਲ ਕਰਨ ਦੀ ਪ੍ਰਕਿਰਿਆ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਤਮਾਸ਼ਹੀਣ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਕੌਮਾਂਤਰੀ ਪੱਧਰ 'ਤੇ ਤੁਰਤ ਕਾਰਵਾਈ ਕਰਨ, ਨਹੀਂ ਤਾਂ ਸਮੁੱਚੇ ਵਿਸ਼ਵ ਨੂੰ ਹਰ ਪਹਿਲੂ ਤੋਂ ਇਸ ਦੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਘਰ ਪਰਤੇ ਵਿਦਿਆਰਥੀਆਂ ਦੀ ਆਊ ਭਗਤ ਦਾ ਵਿਖਾਵਾ ਕਰਨ ਵਾਲੇ ਰਾਜਸੀ ਨੇਤਾਵਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਾਹਲੋਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਉਜਲ ਭਵਿੱਖ ਬਾਰੇ ਸਹੀ ਮਾਇਨਿਆਂ ਵਿਚ ਚਿੰਤਿਕ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਸ ਪਾਰਟੀ ਪੱਧਰ ਤੋਂ ਉਪਰ ਉਠ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਪ੍ਰਭਾਵਤ ਵਿਦਿਆਰਥੀਆਂ ਦੀਆਂ ਡਿਗਰੀਆਂ ਹਾਸਲ ਕਰਨ ਵਿਚ ਜਿੰਨੇ ਵੀ ਸਮੈਸਟਰ ਸਮੇਂ ਬਚਿਆ ਉਸ ਬਾਰੇ ਉਨ੍ਹਾਂ ਨੂੰ ਸਰਕਾਰੀ ਕਾਲਜਾਂ ਵਿਚ ਬਗ਼ੈਰ ਖ਼ਰਚੇ ਤੋਂ ਉਨ੍ਹਾਂ ਦੀ ਪੜ੍ਹਾਈ ਮੁਕੰਮਲ ਕਰਵਾਈ ਜਾਵੇ |