
ਪੰਜਾਬ ਦੀ ਬਣਨ ਵਾਲੀ ਨਵੀਂ ਸਰਕਾਰ ਦਾ ਫ਼ੈਸਲਾ ਅੱਜ ਨਿਕਲੇਗਾ ਵੋਟਿੰਗ ਮਸ਼ੀਨਾਂ 'ਚੋਂ
ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋਣਗੇ ਰੁਝਾਨ ਤੇ ਪਹਿਲਾ ਨਤੀਜਾ 11 ਵਜੇ ਤਕ
ਚੰਡੀਗੜ੍ਹ, 9 ਮਾਰਚ (ਗੁਰਉਪਦੇਸ਼ ਭੁੱਲਰ) : ਇਸ ਵਾਰ ਪੰਜਾਬ 'ਚ ਹੋਏ ਬਹੁਕੋਨੀ ਚੋਣ ਮੁਕਾਬਲਿਆਂ ਕਾਰਨ ਵਿਧਾਨ ਸਭਾ ਚੋਣਾਂ ਕਾਫ਼ੀ ਦਿਲਚਸਪ ਰਹੀਆਂ ਹਨ ਅਤੇ ਕੋਈ ਵੀ ਅੱਜ ਸ਼ਾਮ ਤਕ ਵੀ ਸਹੀ ਅਨੁਮਾਨ ਨਹੀਂ ਲਾ ਸਕਿਆ ਕਿ ਸੂਬੇ ਦੀ ਜਨਤਾ ਕਿਸ ਨੂੰ ਸਪਸ਼ਟ ਬਹੁਮਤ ਦੇ ਰਹੀ ਹੈ |
20 ਫ਼ਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਦੀ ਸਵੇਰੇ ਨੂੰ 8 ਵਜੇ ਸ਼ੁਰੂ ਹੋਣੀ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲਾ ਨਤੀਜਾ 11 ਵਜੇ ਤਕ ਆਉਣ ਦਾ ਅਨੁਮਾਨ ਹੈ ਅਤੇ ਰੁਝਾਨ ਤਾਂ 9 ਵਜੇ ਬਾਅਦ ਹੀ ਸਾਹਮਣੇ ਆਉਣ ਲੱਗਣਗੇ | ਵੋਟਾਂ ਦੀ ਗਿਣਤੀ ਅਤੇ ਚੋਣ ਨਤੀਜਿਆਂ ਦੇ ਐਲਾਨ ਲਈ ਚੋਣ ਕਮਿਸ਼ਨ ਵਲੋਂ ਸੂਬੇ ਦੇ ਚੋਣ ਅਧਿਕਾਰੀਆਂ ਨਾਲ ਮਿਲ ਕੇ ਮੁਕੰਮਲ ਕਰ ਲਏ ਗਏ ਹਨ | ਇਨ੍ਹਾਂ ਪ੍ਰਬੰਧਾਂ ਬਾਰੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਨੇ ਅੱਜ ਬਾਅਦ ਦੁਪਹਿਰ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ | ਉਨ੍ਹਾਂ ਨਾਲ ਵਧੀਕ ਮੁੱਖ ਚੋਣ ਅਧਿਕਾਰੀ ਡੀ.ਪੀ. ਐਸ. ਖਰਬੰਦਾ ਵੀ ਮੌਜੂਦ ਸਨ |
ਡਾ. ਰਾਜੂ ਨੇ ਦਸਿਆ ਕਿ ਵੋਟਾਂ ਦੀ ਗਿਣਤੀ ਸਮੇਂ ਪੁਖਤਾ ਸੁਰਖਿਆ ਪ੍ਰਬੰਧ ਕੀਤੇ ਗਏ ਹਨ | ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਦਾ ਤਿੰਨ ਪਰਤੀ ਸੁਰਖਿਆ ਘੇਰਾ ਬਣਾਇਆ ਗਿਆ ਹੈ ਅਤੇ ਪੈਰਾ ਮਿਲਟਰੀ ਫ਼ੋਰਸ ਦੀਆਂ 45 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ | ਗਿਣਤੀ ਕੇਂਦਰਾਂ ਦੇ 100 ਮੀਟਰ ਤਕ ਦੇ ਦਾਇਰੇ ਨੂੰ ਪੈਦਲ ਜ਼ੋਨ ਐਲਾਨਿਆ ਗਿਾ ਹੈ, ਜਿਥੇ ਸੁਰਖਿਆ ਅਤੇ ਪ੍ਰਬੰਧਕ ਅਮਲੇ ਨੂੰ ਛੱਡ ਕੇ ਹੋਰ ਕੋਈ ਵਾਹਨ ਨਹੀਂ ਜਾ ਸਕੇਗਾ | ਹਰੇਕ ਗਿਣਤੀ ਕੇਂਦਰ 'ਚ 14 ਟੇਬਲ ਲਾਏ ਜਾਣਗੇ | ਗਿਣਤੀ ਕੇਂਦਰਾਂ ਅੰਦਰ ਸਟਿਲ ਅਤੇ ਵੀਡੀਉ ਕੈਮਰਾ ਲੈ ਜਾਣ ਦੀ ਪਾਬੰਦੀ ਹੈ ਅਤੇ ਸਿਰਫ਼ ਸਰਕਾਰੀ ਕੈਮਰਾਮੈਨ ਤੇ ਚੋਣ ਕਮਿਸ਼ਨ ਵਲੋਂ ਜਾਰੀ ਸ਼ਨਾਖਤੀ ਕਾਰਡਾਂ ਵਾਲੇ ਪੱਤਰਕਾਰਾਂ ਨੂੰ ਵੀ ਚੋਣ ਅਧਿਕਾਰੀ ਦੀ ਆਗਿਆ ਨਾਲ ਸਿਰਫ਼ ਨਿਰਧਾਰਤ ਸਥਾਨ 'ਤੇ ਹੀ ਫ਼ੋਟੋ ਲੈਣ ਦੀ ਆਗਿਆ ਹੋਵੇਗੀ |
ਡਿਊਟੀ ਉਪਰ ਤੈਨਾਤ ਸਟਾਫ਼ ਤੇ ਮੀਡੀਆ ਕਰਮੀਆਂ ਨੂੰ ਕਮਿਸ਼ਨ ਵਲੋਂ ਜਾਰੀ ਪਹਿਚਾਣ ਪੱਤਰ ਸਹੀ ਤਰੀਕੇ ਨਾਲ ਗਲੇ 'ਚ ਲਟਕਾ ਕੇ ਆਉਣਾ ਪਵੇਗਾ |
ਡਾ. ਰਾਜੂ ਨੇ ਦਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਚੋਣ ਅਫ਼ਸਰਾਂ ਵਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰਜ਼ ਵਲੋਂ ਧਾਰਾ 144 ਲਾਗੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਗਿਣਤੀ ਕੇਂਦਰ ਦੇ ਬਾਹਰ ਲੋਕਾਂ ਦੇ ਇਕੱਤਰ ਹੋਣ 'ਤੇ ਪਾਬੰਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਉਮੀਦਵਾਰ ਜਾਂ ਉਸ ਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫ਼ੀਕੇਟ ਹਾਸਲ ਕਰ ਸਕਦਾ ਹੈ | ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵਲੋਂ ਜਲੂਸ ਕੱਢਣ 'ਤੇ ਵੀ ਮਨਾਹੀ ਹੈ |
ਸੀ.ਈ.ਓ. ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ https://www.ceopunjab.gov.in ਤੋਂ ਇਲਾਵਾ https://results.eci.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ | ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਈਲ ਐਪ ਤੋਂ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਇਸ ਤੋਂ ਇਲਾਵਾ ਡਾ. ਰਾਜੂ ਨੇ ਇਹ ਵੀ ਦਸਿਆ ਕਿ ਗਿਣਤੀ ਵਾਲੇ ਦਿਨ ਭਾਵ 10 ਮਾਰਚ, 2022 ਨੂੰ ਸਰਕਾਰ ਵਲੋਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਇਨ-ਬਿਨ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ |
ਸ਼ਰਾਬ ਦੇ ਠੇਕਿਆਂ ਦੀ ਮੁਕੰਮਲ ਤਾਲਾਬੰਦੀ
ਮੁੱਖ ਚੋਣ ਅਧਿਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਨੂੰ ਪੂਰੀ ਤਰ੍ਹਾਂ ਤਾਲਾਬੰਦੀ ਕਰ ਕੇ ਬੰਦ ਰਖਿਆ ਜਾਵੇਗਾ | ਕਿਸੇ ਨੂੰ ਵੀ ਨਿਯਮਾਂ ਦੇ ਉਲੰਘਣਾ ਜਾਂ ਸ਼ਰਾਬ ਵੇਚਣ ਜਾਂ ਵੰਡਣ ਦੀ ਨਤੀਜੇ ਮੁਕੰਮਲ ਹੋਣ ਤਕ ਆਗਿਆ ਨਹੀਂ ਹੋਵੇਗੀ |