
ਨਸ਼ਾ ਤਸਕਰੀ 'ਚ ਦੇਸ਼ ਭਰ 'ਚੋਂ 9631 ਫੜੀਆਂ ਗਈਆਂ ਔਰਤਾਂ ਵਿਚੋਂ 3164 ਔਰਤਾਂ ਪੰਜਾਬੀ ਦੱਸੀਆਂ ਜਾ ਰਹੀਆਂ ਹਨ।
ਚੰਡੀਗੜ੍ਹ - ਇਕ ਰਿਪੋਰਟ ਵਿਚ ਇਹ ਅੰਕੜਾ ਸਾਹਮਣੇ ਆਇਆ ਹੈ ਕਿ ਨਸ਼ਿਆਂ ਨਾਲ ਮੌਤਾਂ ਦੇ ਮਾਮਲੇ 'ਚ ਦੇਸ਼ ਭਰ 'ਚੋਂ ਪੰਜਾਬ ਮੋਹਰੀ ਸੂਬਾ ਬਣਿਆ ਹੋਇਆ ਹੈ। ਪੰਜਾਬ ਪੁਲਿਸ ਨੇ ਕਈ ਵੱਡੀ ਮਾਤਰਾ ਵਿਚ ਹੈਰੋਇਨ ਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਹਰ ਰੋਜ਼ ਕੋਈ ਨਾ ਕੋਈ ਖ਼ਬਰ ਆ ਹੀ ਜਾਂਦੀ ਹੈ ਕਿ ਨਸ਼ੇ ਕਰ ਕੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ। ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਕੁੱਦ ਪਏ ਹਨ। ਨਸ਼ਾ ਤਸਕਰੀ 'ਚ ਦੇਸ਼ ਭਰ 'ਚੋਂ 9631 ਫੜੀਆਂ ਗਈਆਂ ਔਰਤਾਂ ਵਿਚੋਂ 3164 ਔਰਤਾਂ ਪੰਜਾਬੀ ਦੱਸੀਆਂ ਜਾ ਰਹੀਆਂ ਹਨ। ਇਹਨਾਂ ਔਰਤਾਂ ਦੀ ਗਿਣਤੀ 33 ਫੀਸਦੀ ਦੱਸੀ ਜਾ ਰਹੀ ਹੈ।
ਸਰਕਾਰੀ ਦਾਅਵੇ ਅਨੁਸਾਰ 1 ਅਪ੍ਰੈਲ, 2020 ਤੋਂ 31 ਮਾਰਚ, 2023 ਤੱਕ 266 ਮੌਤਾਂ ਨਸ਼ੇ ਦੀ ਵੱਧ ਮਾਤਰਾ ਕਾਰਨ ਹੋਈਆਂ ਹਨ, ਜਦਕਿ ਅਸਲ ਅੰਕੜੇ ਕਿਤੇ ਜ਼ਿਆਦਾ ਹਨ। ਐਨ.ਡੀ.ਪੀ.ਐਸ. ਕੇਸਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਨਸ਼ਾ ਤਸਕਰੀ ਲਈ 1 ਲੱਖ ਦੀ ਆਬਾਦੀ ਪਿੱਛੇ ਜੋ ਕੇਸ ਦਰਜ ਹਨ, ਉਹ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ। ਪੰਜਾਬ ਪੁਲਿਸ ਵਲੋਂ ਜਾਰੀ ਅੰਕੜਿਆਂ ਅਨੁਸਾਰ ਐਨ.ਡੀ.ਪੀ.ਐਸ. ਤਹਿਤ 23,482 ਮੁਕੱਦਮੇ ਤੇ 32006 ਨਸ਼ਾ ਤਸਕਰ/ਸਪਲਾਇਰ ਗਿ੍ਫ਼ਤਾਰ ਕੀਤੇ ਗਏ ਹਨ ਅਤੇ 2582 ਭਗੌੜਿਆਂ ਨੂੰ ਵੀ ਦਬੋਚਿਆ ਗਿਆ ਹੈ।