
ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਭੇਜਿਆ ਨਿਆਇਕ ਹਿਰਾਸਤ 'ਚ
ਸਪੈਸ਼ਲ ਟਾਸਕ ਫੋਰਸ ਨੇ ਵਾਈਪੀਐਸ ਚੌਂਕ ਫੇਜ਼-7 ਨੇੜੇ ਨਾਕਾਬੰਦੀ ਦੌਰਾਨ ਦੋ ਨਾਈਜੀਰੀਅਨ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਛਾਣ ਕ੍ਰਿਸਟੋਫਿਰ ਉਕੇਕੇ 'ਤੇ ਚੁਕਵੇਅਰਿਆ ਲਗਵੇ ਦੋਵੇਂ ਵਾਸੀ ਰਮਾ ਪਾਰਕ ਉਤਮ ਨਗਰ ਨਿਉ ਦਿੱਲੀ ਵਜੋ ਹੋਈ ਹੈ ਜੋਕਿ ਮੂਲ ਰੂਪ ਤੋਂ ਨਾਈਜੀਰੀਆ ਦੇ ਰਹਿਣ ਵਾਲੇ ਹਨ। ਦੋਵਾਂ ਵਿਰੁਧ ਐਸਟੀਐਫ਼ ਥਾਣਾ ਫੇਜ਼-4 ਵਿਖੇ ਐਨਡੀਪੀਐਸ ਐਕਟ ਦੀ ਧਾਰਾ 21/61/85 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਨਯੋਗ ਅਦਾਲਤ ਨੇ ਦੋਵਾਂ ਮੁਲਜਮਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਮੋਹਾਲੀ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨਾਈਜੀਰੀਅਨ ਵਿਅਕਤੀ ਮੋਹਾਲੀ ਵਿਖੇ ਆਪਣੇ ਪੱਕੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਹੇ ਹਨ।
Nigerian Arrested
ਸੂਚਨਾ ਦੇ ਅਧਾਰ 'ਤੇ ਵਾਈਪੀਐਸ ਚੌਕ ਨੇੜੇ ਨਾਕਾਬੰਦੀ ਕੀਤੀ ਗਈ। ਪੁਲਿਸ ਵਲੋਂ ਨਾਕੇ ਦੌਰਾਨ ਚੰਡੀਗੜ੍ਹ ਪਾਸੋ ਉਕਤ ਦੋਵੇਂ ਨਾਈਜੀਰੀਅਨ ਆਏ ਜਿਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੁਲਜਮ ਕ੍ਰਿਸਟੋਫਿਰ ਉਕੇਕੇ ਤੋਂ 150 ਗ੍ਰਾਮ ਹੈਰੋਇਨ 'ਤੇ 60 ਹਜਾਰ ਰੁਪਏ ਅਤੇ ਮੁਲਜਮ ਚੁਕਵੇਅਰਿਆ ਲਗਵੇ ਤੋਂ 100 ਗ੍ਰਾਮ ਹੈਰੋਇਨ 'ਤੇ 45 ਹਜਾਰ ਰੁਪਏ ਬ੍ਰਾਮਦ ਹੋਏ। ਐਸਟੀਐਫ ਨੇ ਦੋਵਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਉਕਤ ਦੋਵੇਂ ਮੁਲਜਮ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਇਹ ਸਟੂਡੈਂਟ ਵੀਜੇ 'ਤੇ ਭਾਰਤ ਆਏ ਸਨ। ਦੋਵੇਂ ਮੁਲਜਮ ਦਿੱਲੀ ਤੋਂ ਹੈਰੋਇਨ ਲਿਆ ਕੇ ਮੋਹਾਲੀ 'ਤੇ ਚੰਡੀਗੜ੍ਹ ਵਿਖੇ ਕਾਲਜਾਂ ਵਿੱਚ ਆਪਣੇ ਪੱਕੇ ਗ੍ਰਾਹਕਾਂ ਨੂੰ ਇਨ੍ਹਾਂ ਦੀ ਸਪਲਾਈ ਦਿੰਦੇ ਸਨ।