
ਕਿਹਾ, ਜਾਣਬੁੱਝ ਕੇ ਹੁਕਮ ਦੀ ਕੋਈ ਉਲੰਘਣਾ ਨਹੀਂ ਹੋ ਰਹੀ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੌੜ ਬੰਬ ਧਮਾਕੇ ਦੇ ਮਾਮਲੇ ’ਚ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਹਾਈ ਕੋਰਟ ਦੇ ਹੁਕਮ ਦੀ ਜਾਣਬੁੱਝ ਕੇ ਕੋਈ ਉਲੰਘਣਾ ਨਹੀਂ ਹੋ ਰਹੀ। ਇਸ ਦੇ ਉਲਟ ਹਾਈ ਕੋਰਟ ਨੇ ਕਿਹਾ ਹੈ ਕਿ ਸਿੱਟ ਦੀ ਰੀਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਅਥੱਕ ਉਪਰਾਲੇ ਕਰ ਰਹੀ ਹੈ।
DGP Dinkar Gupta
ਹਾਈ ਕੋਰਟ ਦੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਬੈਂਚ ਨੇ ਗੁਪਤਾ ਵਿਰੁਧ ਉਲੰਘਣਾ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਸਿੱਟ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਗੌੜੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਉਪਰਾਲੇ ਜਾਰੀ ਰੱਖੇਗੀ। ਮਾਮਲੇ ਮੁਤਾਬਕ ਇਕ ਪਟੀਸ਼ਨ ਦਾਖ਼ਲ ਕਰ ਕੇ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਮੌੜ ਬੰਬ ਧਮਾਕੇ ਦੀ ਜਾਂਚ ਛੇਤੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾਵੇ ਤੇ ਮੁੱਖ ਮੁਲਜ਼ਮ ਛੇਤੀ ਫੜੇ ਜਾਣ।
DGP Dinkar Gupta
ਉਸ ਵੇਲੇ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਮੌੜ ਬੰਬ ਧਮਾਕੇ ਵਿਚ ਵਰਤੀ ਕਾਰ ਡੇਰਾ ਮੁਖੀ ਰਾਮ ਰਹੀਮ ਦੀ ਰਿਹਾਇਸ਼ ’ਤੇ ਨਿਜੀ ਵਰਕਸ਼ਾਪ ਵਿਚ ਤਿਆਰ ਕੀਤੀ ਗਈ ਸੀ ਤੇ ਕਾਂਗਰਸੀ ਉਮੀਦਵਾਰ ਦੀ ਰੈਲੀ ਵਿਚ ਹੋਇਆ ਇਹ ਧਮਾਕਾ ਰਾਜਸੀ ਸਾਜਸ਼ ਤਹਿਤ ਕੀਤਾ ਗਿਆ ਸੀ। ਦੋਸ਼ ਲਗਾਇਆ ਸੀ ਕਿ ਰਾਮ ਰਹੀਮ ਦੇ ਇਸ਼ਾਰੇ ’ਤੇ ਹੀ ਉਸ ਦੇ ਸਾਧੂਆਂ ਨੇ ਇਹ ਧਮਾਕਾ ਕੀਤਾ, ਲਿਹਾਜਾ ਰਾਮ ਰਹੀਮ ਮੁੱਖ ਮੁਲਜਮ ਹੈ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
DGP Dinkar Gupta
ਹਾਈ ਕੋਰਟ ਨੇ ਡੀਜੀਪੀ ਨੂੰ ਜਾਂਚ ਦੋ ਮਹੀਨੇ ਵਿਚ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਪਟੀਸ਼ਨਰ ਨੂੰ ਛੋਟ ਦਿਤੀ ਸੀ ਕਿ ਜੇਕਰ ਉਹ ਜਾਂਚ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਪਟੀਸ਼ਨ ਨੂੰ ਮੁੜ ਚਲਾ ਸਕੇਗਾ। ਜਾਂਚ ਮੁਕੰਮਲ ਹੋ ਗਈ ਪਰ ਕਿਸੇ ਨੂੰ ਫੜਿਆ ਨਹੀਂ ਜਾ ਸਕਿਆ ਤੇ ਪਟੀਸ਼ਨਰ ਨੇ ਮੁੜ ਹਾਈ ਕੋਰਟ ਪਹੁੰਚ ਕੀਤੀ ਸੀ ਜਿਸ ਦੌਰਾਨ ਸਰਕਾਰ ਨੇ ਦਸਿਆ ਸੀ ਕਿ ਡੇਰੇ ਦੇ ਸਾਧੂ ਅਵਤਾਰ ਸਿੰਘ, ਗੁਰਤੇਜ ਸਿੰਘ ਤੇ ਗੁਰਜੰਟ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਪਰ ਉਹ ਫੜੇ ਨਹੀਂ ਜਾ ਸਕੇ ਤੇ ਜਦੋਂ ਫੜੇ ਜਾਣਗੇ ਤਾਂ ਉਨ੍ਹਾਂ ਕੋਲੋਂ ਪੁਛਗਿਛ ਕਰ ਕੇ ਹੀ ਜਾਂਚ ਅੱਗੇ ਤੋਰੀ ਜਾ ਸਕੇਗੀ ਤੇ ਤਿੰਨੇੇ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿਤਾ ਜਾ ਚੁੱਕਾ ਹੈ।
ਇਸੇ ’ਤੇ ਪਟੀਸ਼ਨਰ ਨੇ ਹਾਈ ਕੋਰਟ ਪਹੁੰਚ ਕਰ ਕੇ ਡੀ.ਜੀ.ਪੀ. ਦਿਨਕਰ ਗੁਪਤਾ ਵਿਰੁਧ ਉਲੰਘਣਾ ਪਟੀਸ਼ਨ ਦਾਖ਼ਲ ਕੀਤੀ ਸੀ ਕਿ ਹਾਈ ਕੋਰਟ ਵਲੋਂ ਜਾਰੀ ਹਦਾਇਤਾਂ ਦੀ ਜਾਣਬੁੱਝ ਕੇ ਪਾਲਣਾ ਨਹੀਂ ਕੀਤੀ ਜਾ ਰਹੀ ਕਿਉਂਕਿ ਅਜੇ ਤਕ ਮੁੱਖ ਮੁਲਜ਼ਮ ਦੂਰ, ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਹੁਣ ਸਿੱਟ ਨੇ ਫੇਰ ਸੀਲਬੰਦ ਰੀਪੋਰਟ ਪੇਸ਼ ਕੀਤੀ ਸੀ ਅਤੇ ਬੈਂਚ ਨੇ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਰੀਪੋਰਟ ਵਿਚ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਇਨ੍ਹਾਂ ਟੀਮਾਂ ਵੱਲੋਂ ਤਿੰਨੇ ਮੁਲਜਮਾਂ ਦੇ ਰਿਸ਼ਤੇਦਾਰਾਂ ਤੇ ਹੋਰ ਨੇੜਲਿਆਂ ’ਤੇ 50 ਤੋਂ ਵੱਧ ਛਾਪੇਮਾਰੀਆਂ ਕੀਤੀਆਂ ਗਈਆਂ ਪਰ ਮੁਲਜ਼ਮਾਂ ਦਾ ਕੁੱਝ ਪਤਾ ਨਹੀਂ ਚੱਲ ਸਕਿਆ ਹੈ। ਸਿੱਟ ਦੀ ਇਸ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਬੈਂਚ ਨੇ ਡੀਜੀਪੀ ਨੂੰ ਕਲੀਨ ਚਿੱਟ ਦਿੰਦਿਆਂ ਸਿੱਟ ਤੋਂ ਉਮੀਦ ਕੀਤੀ ਹੈ ਕਿ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੇ ਉਪਰਾਲੇ ਜਾਰੀ ਰਹਿਣਗੇ।