
ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲੀ ਰਣਨੀਤੀ ਸਬੰਧੀ ਅਹਿਮ ਐਲਾਨ
ਅੱਜ 24 ਘੰਟਿਆਂ ਲਈ ਜਾਮ ਰਖਿਆ ਜਾਵੇਗਾ ਕੇ.ਐਮ.ਪੀ. ਅਤੇ ਕੇ.ਜੀ.ਪੀ. ਹਾਈਵੇ
ਲੁਧਿਆਣਾ, 9 ਅਪ੍ਰੈਲ (ਪ੍ਰਮੋਦ ਕੌਸ਼ਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੀਤੇ ਤਕਰੀਬਨ 134 ਦਿਨਾਂ ਤੋਂ ਦਿੱਲੀ ਵਿਖੇ ਸੰਘਰਸ਼ ਤੇ ਡਟੀਆਂ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੰਦੋਲਨ ਦੀ ਅਗਲੀ ਰਣਨੀਤੀ ਸੰਬੰਧੀ ਸ਼ੁਕਰਵਾਰ ਨੂੰ ਅਹਿਮ ਐਲਾਨ ਕੀਤੇ ਗਏ | ਮੋਰਚੇ ਵਲੋਂ ਅਪ੍ਰੈਲ ਮਹੀਨੇ ਵਿਚ ਆਉਣ ਵਾਲੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ, ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕਰਨ, ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਨੂੰ ਯਾਦ ਕਰਦਿਆਂ 'ਸੰਵਿਧਾਨ ਬਚਾਉ ਦਿਵਸ' ਆਦਿ ਵਰਗੇ ਦਿਨਾਂ ਨਾਲ ਜੁੜੇ ਮਹੱਤਵਪੂਰਨ ਐਲਾਨ ਕੀਤੇ ਗਏ ਹਨ | ਜਿਵੇਂ ਕਿ 10 ਅਪ੍ਰੈਲ ਨੂੰ ਕੇਐਮਪੀ-ਕੇਜੀਪੀ ਹਾਈਵੇ ਨੂੰ ਸਰਕਾਰ ਨੂੰ ਚੇਤਾਵਨੀ ਵਜੋਂ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤਕ ਜਾਮ ਕੀਤਾ ਜਾਵੇਗਾ | ਖ਼ਾਲਸਾ ਪੰਥ ਦਾ ਸਥਾਪਨਾ ਦਿਵਸ 13 ਅਪ੍ਰੈਲ ਨੂੰ ਦਿੱਲੀ ਦੇ ਕਿਸਾਨ -ਮੋਰਚਿਆਂ 'ਤੇ ਮਨਾਇਆ ਜਾਵੇਗਾ ਅਤੇ ਜਲਿ੍ਹਆਂਵਾਲਾ ਬਾਗ਼ ਕਾਂਡ ਦੇ ਸ਼ਹੀਦਾਂ ਦੀ ਯਾਦ 'ਚ ਵੀ ਪ੍ਰੋਗਰਾਮ ਹੋਣਗੇ | 'ਸੰਵਿਧਾਨ ਬਚਾਉ' ਦਿਵਸ ਅਤੇ 'ਕਿਸਾਨ ਬਹੁਜਨ ਏਕਤਾ ਦਿਵਸ' 14 ਅਪ੍ਰੈਲ ਨੂੰ ਮਨਾਇਆ ਜਾਵੇਗਾ | ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ | ਨਫ਼ਰਤ ਅਤੇ ਫੁਟ ਪਾਉਣ ਦੀ ਨੀਤੀ ਵਿਚ ਭਾਜਪਾ ਦੇ ਆਗੂ ਹਰਿਆਣੇ ਵਿਚ ਕਿਸਾਨਾਂ ਅਤੇ
ਮਜ਼ਦੂਰਾਂ ਨੂੰ ਆਪਸ ਵਿਚ ਲੜਾਉਣ ਲਈ ਵੱਖ-ਵੱਖ ਭੜਕਾਊ ਪ੍ਰੋਗਰਾਮ ਕਰ ਸਕਦੇ ਹਨ |
ਅਸੀ ਸਾਰੇ ਦਲਿਤ-ਬਹੁਜਨਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨ | ਇਸੇ ਦਿਨ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਜਾਣਬੁੱਝ ਕੇ ਕੈਥਲ ਵਿਚ ਇਕ ਪ੍ਰੋਗਰਾਮ ਤੈਅ ਕੀਤਾ ਹੈ, ਅਸੀ ਕਿਸਾਨਾਂ ਅਤੇ ਦਲਿਤ-ਬਹੁਜਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਪ੍ਰੋਗਰਾਮ ਵਿਚ ਰੋਹ ਪ੍ਰਦਰਸ਼ਨ ਕਰਨ | 18 ਅਪ੍ਰੈਲ ਨੂੰ ਇਸ ਅੰਦੋਲਨ ਵਿਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਅਤੇ ਸਮਰਪਣ ਦਾ ਸਨਮਾਨ ਕਰਦਿਆਂ ਸਾਰੇ ਮੋਰਚਿਆਂ 'ਤੇ ਸਥਾਨਕ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ | ਉਸ ਦਿਨ ਸਟੇਜ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸਥਾਨਕ ਲੋਕਾਂ ਨੂੰ ਦਿਤੀ ਜਾਵੇਗੀ |
20 ਅਪ੍ਰੈਲ ਨੂੰ ਧੰਨਾ ਭਗਤ ਦੇ ਜਨਮ
ਦਿਹਾੜੇ 'ਤੇ ਉਨ੍ਹਾਂ ਦੀ ਪਿੰਡ ਧੋਆ ਕਲਾਂ ਤੋਂ ਮਿੱਟੀ ਦਿੱਲੀ ਦੇ ਮੋਰਚਿਆਂ' ਤੇ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਟਿੱਕਰੀ ਬਾਰਡਰ 'ਤੇ ਪ੍ਰੋਗਰਾਮ ਹੋਣਗੇ | 24 ਅਪ੍ਰੈਲ ਨੂੰ ਜਦੋਂ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋ ਰਹੇ ਹਨ, ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ਜਿਸ ਵਿਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਜਾਵੇਗਾ | ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿਚ ਦੇਸ਼ ਭਰ ਵਿਚ ਇਸ ਅੰਦੋਲਨ ਨੂੰ ਤੇਜ਼ ਕਰਨ ਦੀ ਯੋਜਨਾ ਨਾਲ, ਦੇਸ਼ ਭਰ ਵਿਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦਾ ਇਕ ਰਾਸ਼ਟਰੀ ਪੱਧਰ ਉਤੇ ਕਨਵੈਨਸ਼ਨ ਕੀਤੀ ਜਾਵੇਗੀ | ਵਿਚਾਰ-ਵਟਾਂਦਰੇ ਤੋਂ ਬਾਅਦ ਮੋਰਚੇ ਦੀ ਅਗਲੀ ਬੈਠਕ ਵਿਚ ਸੰਸਦ ਮਾਰਚ ਦੀ ਨਿਰਧਾਰਤ ਮਿਤੀ ਦਾ ਐਲਾਨ ਕੀਤਾ ਜਾਵੇਗਾ |