
ਸਿੱਟ ਦੀ ਜਾਂਚ ਰੱਦ ਅਤੇ ਕੁੰਵਰ ਵਿਜੇ ਪ੍ਰਤਾਪ ਤੋਂ ਬਿਨਾਂ ਨਵੀਂ ਸਿੱਟ ਬਣਾਉਣ ਦੇ ਆਦੇਸ਼
ਚੰਡੀਗੜ੍ਹ, 9 ਅਪ੍ਰੈਲ (ਸੱਤੀ): ਕੋਟਕਪੂਰਾ ਗੋਲੀਕਾਂਡ ਕੇਸ 'ਚ ਸਾਬਕਾ ਐਸ.ਐਚ.ਓ ਗੁਰਦੀਪ ਸਿੰਘ ਪੰਧੇਰ ਦੀ ਰਿੱਟ ਪਟੀਸ਼ਨ ਪ੍ਰਵਾਨ ਕਰਦਿਆਂ ਪੰਜਾਬ ਹਾਈ ਕੋਰਟ ਨੇ ਅੱਜ ਸਟੇਟ ਵਲੋਂ ਕੀਤੀ ਜਾਂਚ ਨੂੰ ਰੱਦ ਕਰ ਦਿਤਾ | ਹਾਈ ਕੋਰਟ ਨੇ ਸਰਕਾਰ ਨੂੰ ਆਈ.ਪੀ.ਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ ਗਠਿਤ ਕਰਨ ਦੇ ਨਿਰਦੇਸ਼ ਵੀ ਦਿਤੇ | ਗੁਰਦੀਪ ਸਿੰਘ ਪੰਧੇਰ ਨੂੰ 2020 ਸਾਲ 'ਚ ਜੂਨ ਮਹੀਨੇ ਹਿਰਾਸਤ 'ਚ ਲਿਆ ਗਿਆ ਸੀ | ਪੰਧੇਰ 14 ਅਕਤੂਬਰ, 2015 ਨੂੰ ਕੋਟਕਪੂਰਾ ਸਿਟੀ ਥਾਣੇ ਦਾ ਐਸ.ਐਚ.ਓ ਸੀ | ਪੰਧੇਰ 'ਤੇ ਇਸ ਕੇਸ ਨਾਲ ਸਬੰਧਤ ਥਾਣੇ ਦੇ ਰਿਕਾਰਡ ਨਾਲ ਛੇੜਛਾੜ ਦਾ ਵੀ ਦੋਸ਼ ਸੀ | ਉਸ ਨੂੰ 2015 ਦੇ ਐਫ਼ਆਈਆਰ 192 ਵਿਚ ਹਿਰਾਸਤ ਵਿਚ ਲੈ ਲਿਆ ਸੀ | ਕੇਸ ਦੇ ਮੁਲਜ਼ਮਾਂ ਵਿਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ, ਐਸ ਪੀ ਪਰਮਜੀਤ ਸਿੰਘ ਅਤੇ ਬਲਜੀਤ ਸਿੰਘ ਅਤੇ ਉਸ ਵੇਲੇ ਕੋਟਕਪੂਰਾ ਦੇ ਐਸਐਚਓ ਗੁਰਦੀਪ ਸਿੰਘ ਸ਼ਾਮਲ ਸਨ |
ਹਾਈ ਕੋਰਟ ਦੇ ਫ਼ੈਸਲੇ ਨਾਲ ਅਕਾਲੀ ਹਲਕਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਵਲੋਂ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਵਿਚੋਂ ਬਾਹਰ ਕੱਢਣ ਨੂੰ ਅਪਣੀ 'ਜਿੱਤ' ਦਸਿਆ ਗਿਆ ਹੈ | ਜਿਹੜੀ ਚਾਰਜ ਸ਼ੀਟ ਅਦਾਲਤ ਵਿਚ ਦਾਖ਼ਲ ਕੀਤੀ ਹੈ, ਉਸ ਦੇ ਪੰਨੇ 41 ਤੋਂ 48 ਤਕ ਸੁਖਬੀਰ ਸਿੰਘ ਬਾਦਲ ਸਮੇਤ ਉਨ੍ਹਾਂ ਦੇ ਸਾਥੀ ਪੁਲਿਸ ਅਤੇ ਦੂਜੇ ਅਧਿਕਾਰੀਆਂ ਉਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਬਿਨਾਂ ਕਾਰਨ ਦੋ ਸਿੱਖ ਸ਼ਹੀਦ ਕੀਤੇ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਰੋਸ ਪ੍ਰਗਅ ਕਰਨ ਵਾਲਿਆਂ ਨੂੰ ਭੈਭੀਤ ਕਰ ਕੇ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੇ ਸਨ |
ਮਾਰੇ ਗਏ ਇਕ ਸਿੱਖ ਸ਼ਹੀਦ ਦੇ ਬੇਟੇ ਨੇ ਤੁਰਤ ਅਪਣਾ ਪ੍ਰਤੀਕਰਮ ਦੇਂਦੇ ਹੋਏ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹਰ ਤਰ੍ਹਾਂ ਦੇ ਦਬਾਅ ਨੂੰ ਠੁਕਰਾ ਕੇ, ਠੀਕ ਰੀਪੋਰਟ ਤਿਆਰ ਕੀਤੀ ਸੀ ਪਰ ਅਕਾਲੀ-ਕਾਂਗਰਸ imageਲੀਡਰ ਅੰਦਰੋਂ ਮਿਲ ਕੇ ਚਾਹੁੰਦੇ ਸਨ ਕਿ ਅਕਾਲੀ ਲੀਡਰਾਂ, ਖ਼ਾਸ ਤੌਰ ਤੇ ਬਾਦਲ ਪ੍ਰਵਾਰ ਨੂੰ ਬਚਾਉਣ ਲਈ ਕੁੱਝ ਕੀਤਾ ਜਾਵੇ | ਅੰਦਰੋਂ ਉਹ ਆਪਸ ਵਿਚ ਮਿਲ ਕੇ ਕੰਮ ਕਰ ਰਹੇ ਸਨ | ਉਹ ਅਖ਼ੀਰ ਹਾਈ ਕੋਰਟ ਵਿਚ ਕਾਮਯਾਬ ਹੋ ਗੲੈ ਕਿਉਂਕਿ ਉਨ੍ਹਾਂ ਦੀ ਮਿਲੀਭੁਗਤ ਵਾਲੀ ਸਾਜ਼ਸ਼ ਨੂੰ ਹਾਈ ਕੋਰਟ ਵੀ ਸਮਝ ਨਾ ਸਕੀ | ਉਸ ਦਾ ਕਹਿਣਾ ਸੀ ਕਿ ਉਹ ਸੁਪ੍ਰੀਮ ਕੋਰਟ ਵਿਚ ਅਪੀਲ ਕਰਨਗੇ |