
ਪਾਕਿਸਤਾਨ : ਸੰਸਦ ਵਿਚ ਵੋਟਿੰਗ ਲਗਭਗ ਖ਼ਤਮ, ਰਾਤ 12 ਵਜੇ ਖੁਲ੍ਹੇਗੀ ਸੁਪਰੀਮ ਕੋਰਟ
ਵੋਟਿੰਗ ਸੰਭਵ ਨਹੀਂ, ਜੇਕਰ ਦੇਸ਼ ਵਿਚ ਮਾਰੂ ਕਾਨੂੰਨ ਲਾਗੂ ਹੁੰਦਾ ਹੈ ਤਾਂ ਵਿਰੋਧੀ ਧਿਰ ਜ਼ਿੰਮੇਵਾਰ ਹੋਵੇਗੀ : ਫ਼ਵਾਦ ਚੌਧਰੀ
ਇਸਲਾਮਾਬਾਦ, 9 ਅਪ੍ਰੈਲ : ਪਾਕਿਸਤਾਨ 'ਚ ਇਮਰਾਨ ਖ਼ਾਨ ਵਿਰੁਧ ਬੇਭਰੋਸਗੀ ਮਤੇ 'ਤੇ ਵੋਟਿੰਗ ਦਾ ਮਾਮਲਾ ਬੁਰੀ ਤਰ੍ਹਾਂ ਨਾਲ ਉਲਝ ਗਿਆ ਹੈ | ਵੋਟਿੰਗ ਦਾ ਸਮਾਂ ਸਾਢੇ 8 ਵਜੇ ਤੈਅ ਕੀਤਾ ਗਿਆ ਸੀ ਪਰ ਹੁਣ ਕਾਰਵਾਈ ਰਾਤ 10 ਵਜੇ ਤਕ ਮੁਲਤਵੀ ਕਰ ਦਿਤੀ ਗਈ ਹੈ | ਜੀਓ ਨਿਊਜ਼ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅੱਜ ਵੋਟਿੰਗ ਨਹੀਂ ਹੋਵੇਗੀ | ਸਪੀਕਰ ਵੀ ਇਸ ਲਈ ਤਿਆਰ ਨਹੀਂ ਹਨ | ਇਮਰਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ- ਵੋਟਿੰਗ ਸੰਭਵ ਨਹੀਂ ਹੈ | ਜੇਕਰ ਦੇਸ਼ ਵਿਚ ਮਾਰੂ ਕਾਨੂੰਨ ਲਾਗੂ ਹੁੰਦਾ ਹੈ ਤਾਂ ਵਿਰੋਧੀ ਧਿਰ ਜ਼ਿੰਮੇਵਾਰ ਹੋਵੇਗੀ |
'ਸਮਾ ਟੀਵੀ' ਮੁਤਾਬਕ ਇਸ ਦੇ ਹੁਕਮਾਂ ਦੀ ਅਵਗਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਵਿਸ਼ੇਸ਼ ਬੈਂਚ ਰਾਤ ਠੀਕ 12 ਵਜੇ ਸੁਣਵਾਈ ਕਰੇਗਾ | ਇਸ ਵਿਚ ਸਪੀਕਰ ਨੂੰ ਧਾਰਾ 6 ਤਹਿਤ ਅਯੋਗ ਠਹਿਰਾਇਆ ਜਾ ਸਕਦਾ ਹੈ | ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐਸਆਈ ਮੁਖੀ ਨਦੀਮ ਅੰਜੁਮ ਇਮਰਾਨ ਨੂੰ ਮਿਲਣ ਪਹੁੰਚੇ ਹਨ |
'ਜੀਓ ਨਿਊਜ਼' ਮੁਤਾਬਕ ਸਪੀਕਰ ਅਸਦ ਕੈਸਰ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਹਿ ਦਿਤਾ ਹੈ ਕਿ ਉਹ ਇਮਰਾਨ ਵਿਰੁਧ ਵੋਟ ਨਹੀਂ ਦੇਣਗੇ, ਕਿਉਂਕਿ ਖ਼ਾਨ ਨਾਲ ਉਨ੍ਹਾਂ ਦੀ 30 ਸਾਲ ਪੁਰਾਣੀ ਦੋਸਤੀ ਹੈ ਅਤੇ ਉਹ ਇਮਰਾਨ ਨੂੰ ਇਸ ਤਰ੍ਹਾਂ ਗੁੱਸੇ ਹੁੰਦੇ ਨਹੀਂ ਦੇਖ ਸਕਦੇ | ਇਸ ਦੌਰਾਨ ਇਮਰਾਨ ਨੇ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ | (ਏਜੰਸੀ)