
ਪੰਜਾਬੀ ਯੂਨੀਵਰਸਿਟੀ ਦੇ ਬਾਹਰ ਵਾਪਰੀ ਸੀ ਘਟਨਾ
ਪਟਿਆਲਾ : 5 ਅਪ੍ਰੈਲ ਨੂੰ ਪਟਿਆਲਾ ਯੂਨੀਵਰਸਿਟੀ ਦੇ ਬਾਹਰ ਹੋਏ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਮਾਮਲੇ ਵਿਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਅੱਜ 7 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਿਨ੍ਹਾਂ ਵਿਚੋਂ 4 ਮੁਲਜ਼ਮ ਅਤੇ 3 ਪਨਾਹ ਦੇਣ ਵਾਲੇ ਦੱਸੇ ਜਾ ਰਹੇ ਹਨ ਪਰ ਪੁਲਿਸ ਨੇ ਜਿਨ੍ਹਾਂ ਮੁੱਖ ਦੋਸ਼ੀਆਂ ਦੇ ਨਾਮ ਪਰਚਾ ਦਰਜ ਕੀਤਾ ਸੀ ਉਹ ਫਿਲਹਾਲ ਪੁਲਿਸ ਦੀ ਹਿਰਾਸਤ ਤੋਂ ਬਾਹਰ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਜਾਵੇਗਾ ਕਿਉਂਕਿ ਇਸ ਸਬੰਧੀ ਪੁਲਿਸ ਪਾਰਟੀਆਂ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪਾ ਮਾਰਿਆ ਜਾ ਰਿਹਾ ਹੈ।
Dharminder Singh
ਉਧਰ ਐੱਸ. ਐੱਸ. ਪੀ ਨਾਨਕ ਸਿੰਘ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ਵਿਚ ਨਵੀ ਸ਼ਰਮਾ, ਵਰਿੰਦਰ ਸਿੰਘ ਬਾਵਾ, ਪ੍ਰਿਤਪਾਲ ਸਿੰਘ ਅਤੇ ਬਹਾਦਰ ਸਿੰਘ ਨੂੰ ਮੁਲਜ਼ਮਾਂ ਵਜੋਂ ਹਿਰਾਸਤ ਵਿਚ ਲਿਆ ਗਿਆ ਹੈ ਜਦਕਿ ਪਨਾਹ ਦੇਣ ਵਾਲਿਆਂ ਦੇ ਨਾਮ ਤਰਸੇਮ ਲਾਲ, ਸਤਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਹਨ। ਹੁਣ ਸਵਾਲ ਇਹ ਹੈ ਕਿ ਮੁੱਖ ਦੋਸ਼ੀ ਜਿਨ੍ਹਾਂ ਵਿਚੋਂ ਹਰਵੀਰ ਸਿੰਘ ਜਿਸ ਦੀ ਧਰਮਿੰਦਰ ਸਿੰਘ ਨਾਲ ਤਕਰਾਰ ਚੱਲ ਰਹੀ ਸੀ, ਉਹ ਅਜੇ ਵੀ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ।
ਇਸ ਦੇ ਨਾਲ ਹੀ ਹਰਮਨ, ਤੇਜਿੰਦਰ ਸਿੰਘ ਫੌਜੀ ਅਤੇ ਯੋਗੇਸ਼ਵਰ ਬੋਨੀ ਨੂੰ ਪੁਲਿਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ। ਐੱਸ. ਐੱਸ. ਪੀ. ਨਾਨਕ ਸਿੰਘ ਅਨੁਸਾਰ ਇਸ ਕਤਲ ਵਿਚ ਕੋਈ ਗੈਂਗਸਟਰ ਕੁਨੈਕਸ਼ਨ ਅਤੇ ਕਬੱਡੀ ਕੁਨੈਕਸ਼ਨ ਨਹੀਂ ਵੇਖਣ ਨੂੰ ਮਿਲਿਆ ਹੈ ਪਰ ਯੂਨੀਵਰਸਿਟੀ ਵਿਚ ਕੁੱਝ ਗੈਂਗਸਟਰਾਂ ਦੀਆਂ ਤਸਵੀਰਾਂ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਪੋਸਟਰਾਂ ਦੀ ਜਾਂਚ ਪੁਲਿਸ ਜ਼ਰੂਰ ਕਰ ਰਹੀ ਹੈ।