
ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਬਣੇ
ਚੰਡੀਗੜ੍ਹ, 9 ਅਪ੍ਰੈਲ (ਗੁਰਉਪਦੇਸ਼ ਸਿੰਘ ਭੁੱਲਰ) : ਕਾਂਗਰਸ ਹਾਈ ਕਮਾਨ ਨੇ ਅੱਜ ਰਾਤ ਆਖ਼ਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਤੇ ਉਪ ਨੇਤਾ ਦੇ ਨਾਵਾਂ ਦਾ ਐਲਾਨ ਕਰ ਦਿਤਾ ਹੈ | ਇਹ ਐਲਾਨ ਬੀਤੇ ਦਿਨੀਂ ਚੰਡੀਗੜ੍ਹ 'ਚ ਕਾਂਗਰਸ ਦੇ ਮਹਿੰਗਾਈ ਵਿਰੋਧੀ ਧਰਨੇ 'ਚ ਖੁੱਲ੍ਹ ਕੇ ਸਾਹਮਣੇ ਆਈ ਧੜੇਬੰਦੀ ਤੋਂ ਬਾਅਦ ਕੀਤਾ ਗਿਆ ਹੈ |
ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂੰ ਗੋਪਾਲ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਿਕ ਸਾਬਕਾ ਮੰਤਰੀ ਤੇ ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਹੈ | ਰਾਜਾ ਗਿੱਦੜਬਾਹਾ ਤੋਂ ਇਸ ਵਾਰ ਆਪ ਦੀ ਹਨੇਰੀ ਦੇ ਬਾਵਜੂਦ ਮੁੜ ਚੋਣ ਜਿੱਤ ਕੇ ਵਿਧਾਇਕ ਬਣੇ ਹਨ | ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਇਸ ਵਾਰ ਚੋਣ ਹਾਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਰਾਜਾ ਵੜਿੰਗ ਨਾਲ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ |
ਇਸ ਤਰ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਇਸ ਵਾਰ ਮੁੜ ਵਿਧਾਇਕ ਬਣੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਉਪ ਨੇਤਾ ਬਣਾਇਆ ਗਿਆ ਹੈ |