
ਮਾਮੂਲੀ ਝਗੜੇ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਕ ਦੀ ਮੌਤ
ਮੋਗਾ, 9 ਅਪ੍ਰੈਲ (ਦਲੀਪ ਕੁਮਾਰ, ਅਰੁਣ ਗੁਲਾਟੀ): ਥਾਣਾ ਕੋਟ ਇਸੇ ਖਾਂ ਦੇ ਅਧੀਨ ਆਉਂਦੇ ਪਿੰਡ ਔਗੜ ’ਚ ਘਰ ਦੀ ਕੰਧ ਦੇ ਝਗੜੇ ਨੂੰ ਲੈ ਕੇ ਕੁਝ ਲੋਕਾਂ ਨੇ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਇਕ ਘਰ ਵਿਚ ਵੜ ਕੇ ਪਰਵਾਰ ਦੇ ਮੈਬਰਾਂ ਨਾਲ ਬੁਰੀ ਤਰ੍ਹਾਂ ਕੁਟਮਾਰ ਕਰ ਦਿਤੀ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਕੋਟ ਇਸੇ ਖਾਂ ਦੇ ਇੰਚਾਰਜ ਇਸੰਪੈਕਟਰ ਮੁੱਖਤਿਆਰ ਸਿੰਘ ਨੇ ਦਸਿਆ ਕਿ ਨਿਰਭੈ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਪਿੰਡ ਔਗੜ ਵਲੋਂ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਉਨ੍ਹਾਂ ਦਾ ਪਿੰਡ ਦੇ ਹੀ ਤੀਰਥ ਸਿੰਘ, ਗੁਰਪ੍ਰੀਤ ਸਿੰਘ ਦੋਨੋਂ ਭਰਾਵਾ ਨਾਲ ਸਾਂਝੀ ਕੰਧ ਨੂੰ ਲੈ ਕੇ ਝਗੜਾ ਚਲ ਰਿਹਾ ਸੀ।
ਨਿਰਭੈ ਸਿੰਘ ਨੇ ਕਿਹਾ ਕਿ 2 ਅਪ੍ਰੈਲ ਦੀ ਸਵੇਰੇ ਉਸ ਦਾ ਭਾਣਜਾ ਪਲਵਿੰਦਰ ਸਿੰਘ, ਭਰਾ ਨਿਰਮਲ ਸਿੰਘ ਅਤੇ ਉਸ ਦੀ ਮਾਤਾ ਘਰ ਵਿਚ ਹਾਜ਼ਰ ਸਨ। ਤੀਰਥ ਸਿੰਘ, ਗੁਰਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਛਿੰਦਾ ਸਿੰਘ ਅਤੇ ਸੁੱਖਾ ਸਿੰਘ ਪੁੱਤਰ ਦੇਵ ਸਿੰਘ ਵਾਸੀ ਪਿੰਡ ਔਗੜ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀ ਘਰ ਵਿਚ ਦਾਖ਼ਲ ਹੋਏ। ਉਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਆਉਂਦਿਆਂ ਹੀ ਘਰ ਦੀ ਕੰਧ ਨੂੰ ਢਾਹੁਣ ਲੱਗ ਪਏ। ਜਦ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਮੇਰੀ ਕੁੱਟਮਾਰ ਕਰਨ ਲੱਗ ਪਏ। ਜਦ ਉਸਦੇ ਭਰਾ ਨਿਰਮਲ ਸਿੰਘ, ਭਾਣਜੇ ਪਲਵਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੋਰ ਉਸ ਨੂੰ ਛੁਡਾਉਣ ਲਈ ਆਏ ਤਾਂ ਉਨ੍ਹਾਂ ਦੀ ਵੀ ਕੁਟਮਾਰ ਕੀਤੀ ਗਈ ਅਤੇ ਸੱਟਾਂ ਮਾਰੀਆਂ। ਇਸ ਦੌਰਾਨ ਉਸ ਦਾ ਭਰਾ ਨਿਰਮਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਰੌਲਾ ਪਾਉਣ ’ਤੇ ਅਰੋਪੀ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।
ਉਸ ਨੇ ਦਸਿਆ ਕਿ ਉਸ ਦੇ ਭਰਾ ਨਿਰਮਲ ਸਿੰਘ ਅਤੇ ਭਾਣਜੇ ਪਲਵਿੰਦਰ ਸਿੰਘ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿਥੋਂ ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ, ਹਸਪਤਾਲ ਵਿਚ ਰੈਫ਼ਰ ਕਰ ਦਿਤਾ। ਉਸ ਨੇ
ਕਿਹਾ ਮਿਤੀ 8 ਅਪ੍ਰੈਲ ਨੂੰ ਉਸ ਦੇ ਭਰਾ ਨਿਰਮਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਘਟਨਾ ਸਬੰਧੀ ਜਾਣਕਾਰੀ ਲੈ ਕੇ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਨਿਰਭੈ ਸਿੰਘ ਦੇ ਬਿਆਨ ’ਤੇ ਪਿੰਡ ਦੇ ਹੀ ਤੀਰਥ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀਆ ਵਿਰੁਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਅਰੋਪੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫੋਟੋ 9 ਮੋਗਾ 15 ਪੀ ਮ੍ਰਿਤਕ ਨਿਰਮਲ ਸਿੰਘ ਦੀ ਫਾਈਲ ਫੋਟੋ