
ਅੰਧਵਿਸ਼ਵਾਸ : ਭੁਵਨੇਸ਼ਵਰ 'ਚ 1.30 ਲੱਖ ਵਿਚ ਵਿਕਿਆ ਪਵਿੱਤਰ ਪਾਣੀ ਦਾ ਘੜਾ
ਭੁਵਨੇਸ਼ਵਰ, 9 ਅਪ੍ਰੈਲ : ਕੁੱਝ ਲੋਕ ਇਸ ਨੂੰ ਅੰਧਵਿਸ਼ਵਾਸ ਕਹਿ ਸਕਦੇ ਹਨ ਅਤੇ ਕੁੱਝ ਇਸ ਨੂੰ ਕਾਰੋਬਾਰੀ ਮੌਕੇ ਵਜੋਂ ਵੇਖ ਸਕਦੇ ਹਨ ਪਰ ਇਥੇ ਭਗਵਾਨ ਲਿੰਗਰਾਜ ਦੇ ਸਾਲਾਨਾ 'ਰੂਕੁਨ ਰਥ ਉਤਸਵ' ਮੌਕੇ ਆਯੋਜਤ ਨਿਲਾਮੀ ਵਿਚ ਮੁਕਤੇਸ਼ਵਰ ਮੰਦਰ ਸਥਿਤ ਮਸ਼ਹੂਰ ਮਾਰੀਚੀ 'ਕੁੰਡ' 'ਚੋਂ ਕਢੇ ਗਏ ਪਵਿੱਤਰ ਜਲ ਦਾ ਪਹਿਲਾ ਘੜਾ 1.30 ਲੱਖ ਰੁਪਏ ਵਿਚ ਵਿਕਿਆ | ਮਾਰੀਚੀ ਕੁੰਡ ਨੇੜੇ ਪਵਿੱਤਰ ਜਲ ਦੀ ਨਿਲਾਮੀ ਸ਼ੁਕਰਵਾਰ ਰਾਤ ਨੂੰ ਕੀਤੀ ਗਈ | ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਪਵਿੱਤਰ ਜਲ ਵਿਚ ਇਸ਼ਨਾਨ ਕਰਨ ਨਾਲ ਪ੍ਰਜਨਨ ਸਮੱਸਿਆਵਾਂ ਦੂਰ ਹੁੰਦੀਆਂ ਹਨ |
ਨਿਲਾਮੀ ਦਾ ਆਯੋਜਨ ਭਗਵਾਨ ਲਿੰਗਰਾਜ ਮੰਦਰ ਦੇ ਸੇਵਕਾਂ ਦੇ ਸਮੂਹ 'ਬੋਡੂ ਨਿਜੋਗ' ਵਲੋਂ ਕੀਤਾ ਗਿਆ | ਭੁਵਨੇਸ਼ਵਰ ਦੇ ਬਾਰਾਮੁੰਡਾ ਖੇਤਰ ਦੇ ਇਕ ਜੋੜੇ ਨੇ ਸੱਭ ਤੋਂ ਵਧ ਕੀਮਤ ਲਾਈ ਅਤੇ ਉਨ੍ਹਾਂ ਨੂੰ 1.30 ਲੱਖ ਰੁਪਏ 'ਚ ਜਲ ਦਾ ਪਹਿਲਾ ਘੜਾ ਮਿਲਿਆ ਜਦ ਕਿ ਆਧਾਰ ਕੀਮਤ ਸਿਰਫ਼ 25,000 ਰੁਪਏ ਸੀ | ਇਸੇ ਤਰ੍ਹਾਂ ਪਾਣੀ ਦਾ ਦੂਜਾ ਘੜਾ 16,000 ਰੁਪਏ ਦੇ ਆਧਾਰ ਕੀਮਤ ਦੇ ਮੁਕਾਬਲੇ 47,000 ਰੁਪਏ ਵਿਚ ਨਿਲਾਮ ਹੋਇਆ, ਜਦੋਂ ਕਿ ਤੀਜਾ ਘੜਾ 13,000 ਰੁਪਏ ਵਿਚ ਖ੍ਰੀਦਿਆ ਗਿਆ | ਪਹਿਲੇ ਤਿੰਨ ਜੋੜਿਆਂ ਨੂੰ ਪਵਿੱਤਰ ਜਲ ਪ੍ਰਾਪਤ ਕਰਨ ਤੋਂ ਬਾਅਦ ਬਡੂ ਨਿਜੋਗ ਨੇ ਬਿਨਾਂ ਕਿਸੇ ਮੰਗ ਦੇ ਗ਼ਰੀਬ ਜੋੜਿਆਂ 'ਚ ਹੋਰ ਘੜੇ ਵੰਡੇ |
ਇਕ ਸੇਵਕ ਨੇ ਦਸਿਆ ਕਿ ਪਵਿੱਤਰ ਜਲ ਦੀ ਨਿਲਾਮੀ ਦੀ ਪ੍ਰਕਿਰਿਆ, ਜੋ ਲੰਮੇ ਸਮੇਂ ਤੋਂ ਚਲ ਰਹੀ ਹੈ, ਕੋਵਿਡ-19 ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਆਯੋਜਤ ਨਹੀਂ ਕਰਵਾਈ ਜਾ ਸਕੀ | ਪਹਿਲੇ ਘੜੇ ਦੇ ਖ਼੍ਰੀਦਦਾਰਾਂ ਨੇ ਦਸਿਆ ਕਿ ਉਨ੍ਹਾਂ ਦਾ ਪ੍ਰਵਾਰ ਮਾਰੀਚੀ ਕੁੰਡ ਤੋਂ ਪਵਿੱਤਰ ਜਲ ਖ੍ਰੀਦਣ ਲਈ 2.5 ਲੱਖ ਰੁਪਏ ਤਕ ਦਾ ਭੁਗਤਾਨ ਕਰਨ ਲਈ ਤਿਆਰ ਹੈ |
ਪ੍ਰਸਿੱਧ ਗਾਇਨੀਕੋਲੋਜਿਸਟ (ਇਸਤਰੀ ਰੋਗ ਮਾਹਰ) ਡਾਕਟਰ ਸੰਤੋਸ਼ ਮਿਸ਼ਰਾ ਨੇ ਕਿਹਾ, Tਇਸ ਜਲ ਨੂੰ ਲੈ ਕੇ ਅਜਿਹੇ ਵਿਸ਼ਵਾਸ ਪਿੱਛੇ ਕੋਈ
ਵਿਗਿਆਨਕ ਕਾਰਨ ਨਹੀਂ ਹੈ | ਅਸੀਂ ਇਹ ਨਹੀਂ ਮੰਨਦੇ ਕਿ ਪਾਣੀ ਦੇ ਘੜੇ ਨਾਲ ਨਹਾਉਣ ਨਾਲ ਮਨੁੱਖ ਦੀ ਪ੍ਰਜਨਨ ਸ਼ਕਤੀ ਵਧੇਗੀ | ਨਾਲ ਹੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਪਾਣੀ ਵਿਚ ਕੁੱਝ (ਹੋਰ) ਔਸ਼ਧੀ ਗੁਣ ਹੋ ਸਕਦੇ ਹਨ ਕਿਉਂਕਿ ਮਾਰੀਚੀ ਕੁੰਡ ਬਹੁਤ ਸਾਰੇ ਅਸ਼ੋਕ ਦੇ ਦਰੱਖ਼ਤਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਦੀਆਂ ਜੜ੍ਹਾਂ ਤਾਲਾਬ ਵਿਚ ਖ਼ਤਮ ਹੁੰਦੀਆਂ ਹਨ |'' (ਏਜੰਸੀ)