
ਪੰਜਾਬ ਦੇ ਪੁਲਿਸ ਸਟੇਸ਼ਨ ਤੇ ਚੌਕੀਆਂ ਹੋਣਗੀਆਂ CCTV ਕੈਮਰਿਆਂ ਨਾਲ ਲੈਸ
ਮੁਹਾਲੀ - ਹੁਣ ਪੰਜਾਬ ਦੇ ਪੁਲਿਸ ਸਟੇਸ਼ਨਾਂ ਅਤੇ ਚੌਕੀਆਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਲਗਾਏ ਜਾਣਗੇ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਸਰਕਾਰ ਵੱਲੋਂ ਇਹ ਠੋਸ ਕਦਮ ਚੁੱਕਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਦੇ ਲਈ ਮਾਰਕ ਕੀਤੇ ਗਏ ਪੁਲਿਸ ਸਟੇਸ਼ਨ ਅਤੇ ਚੌਕੀਆਂ ’ਚ ਲੱਗਭਗ 600 ਕੈਮਰੇ ਲਗਾਏ ਜਾਣਗੇ, ਜਿਸ ਦੇ ਲਈ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 15 ਦਿਨਾਂ ਵਿਚ ਹੀ ਕੰਪਨੀ ਵੱਲੋਂ ਆਪਣਾ ਕੰਮ ਮੁਕੰਮਲ ਕਰ ਕੇ ਇਸ ਦੀ ਰਿਪੋਰਟ ਆਲ੍ਹਾ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਕੈਮਰੇ ਥਾਣਾ ਇੰਚਾਰਜ ਦੇ ਆਫਿਸ, ਹਵਾਲਾਤ, ਐਂਟਰੀ ਅਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਲਗਾਏ ਜਾ ਰਹੇ ਹਨ ਤਾਂ ਕਿ ਪੁਲਸ ਸਟੇਸ਼ਨ ’ਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਕੰਪਨੀ ਵੱਲੋਂ ਅਤਿ-ਆਧੁਨਿਕ ਤਕਨੀਕ ਵਾਲੇ ਕੈਮਰੇ ਲਗਾਏ ਜਾ ਰਹੇ ਹਨ, ਜੋ ਰਾਤ ਨੂੰ ਵੀ ਰਿਕਾਰਡਿੰਗ ਕਰਨਗੇ ਅਤੇ ਇਨ੍ਹਾਂ ਦਾ ਲੱਗਭਗ 2 ਸਾਲ ਤੱਕ ਰਿਕਾਰਡ ਰਹੇਗਾ ਅਤੇ ਦੂਰ ਤੋਂ ਵੀ ਰਿਕਾਰਡਿੰਗ ਕਰ ਸਕਣਗੇ। ਪੁਲਿਸ ਦੇ ਉੱਚ ਅਧਿਕਾਰੀ ਅਤੇ ਵਿਸ਼ੇਸ਼ ਕੰਟਰੋਲ ਰੂਮ ਤੋਂ ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਕੀਤਾ ਜਾਵੇਗਾ।